ਪੱਤਰ ਪ੍ਰੇਰਕ
ਚੰਡੀਗੜ੍ਹ, 31 ਮਾਰਚ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਨੇ ਵਿਦਿਆਰਥੀਆਂ ਦੀਆਂ ਮੰਗਾਂ ਮਨਵਾਉਣ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤੇ ਗਏ ਦਿਨ ਰਾਤ ਦੇ ਧਰਨੇ ਦੌਰਾਨ ਅੱਜ ਪੀਯੂ ਕੈਂਪਸ ਵਿੱਚ ਪੈਦਲ ਰੋਸ ਮਾਰਚ ਕੀਤਾ।
ਜਥੇਬੰਦੀ ਦੇ ਪ੍ਰਧਾਨ ਸੰਦੀਪ ਦੀ ਅਗਵਾਈ ਹੇਠ ਕੀਤੇ ਗਏ ਇਸ ਮਾਰਚ ਵਿੱਚ ਵਿਦਿਆਰਥੀਆਂ ਨੇ ਹੋਸਟਲ ਮੈੱਸ, ਕੰਟੀਨ ਅਤੇ ਵਿਦਿਆਰਥੀ ਕੇਂਦਰ ਵਿੱਚ ਖਾਣ-ਪੀਣ ਦੀਆਂ ਵਸਤਾਂ ਦੇ ਰੇਟਾਂ ਵਿੱਚ ਵਾਧੇ ਵਿਰੁੱਧ ਅਤੇ ਹੋਸਟਲ ਦੀਆਂ ਸੀਟਾਂ ਦੀ ਅਲਾਟਮੈਂਟ ਵਿੱਚ ਪਾਰਦਰਸ਼ਤਾ ਕਰਨ ਦੀ ਮੰਗ ਰੱਖੀ। ਇਸ ਮੌਕੇ ਵਿਦਿਆਰਥੀ ਕੇਂਦਰ ਵਿੱਚ ਇੱਕ ਬੈਂਚ ਸਥਾਪਤ ਕੀਤਾ ਗਿਆ ਅਤੇ ਸ਼ਾਮ ਨੂੰ ਆਰਟਸ ਬਲਾਕ-1 ਅਤੇ 2 ਤੋਂ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਵਿਦਿਆਰਥੀ ਸ਼ਾਮਲ ਹੋਏ।
ਐੱਸਐੱਫਐੱਸ ਪ੍ਰਧਾਨ ਸੰਦੀਪ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਰੋਧ ਦੇ ਦਬਾਅ ਹੇਠ ਅਧਿਕਾਰੀਆਂ ਨੇ ਉਪਰੋਕਤ ਮੁੱਦਿਆਂ ’ਤੇ ਵਿਚਾਰ ਕਰਨ ਲਈ ਮੀਟਿੰਗ ਬੁਲਾਈ ਸੀ ਪਰ ਜਥੇਬੰਦੀ ਨੇ ਪਹਿਲਾਂ ਹੀ ਅਧਿਕਾਰੀਆਂ ਨੂੰ ਕਹਿ ਦਿੱਤਾ ਸੀ ਕਿ ਉਹ ਠੇਕੇਦਾਰਾਂ ਨਾਲ ਕੋਈ ਗੱਲਬਾਤ ਨਹੀਂ ਕਰਨਗੇ, ਜਿਨ੍ਹਾਂ ਦੇ ਕਹਿਣ ਮੁਤਾਬਕ ਕੋਈ ਅਮਲ ਹੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਉਹ ਮੀਟਿੰਗ ਵਿੱਚ ਪਹੁੰਚੇ ਤਾਂ ਅਧਿਕਾਰੀਆਂ ਨੇ ਪਹਿਲਾਂ ਹੀ ਠੇਕੇਦਾਰਾਂ ਨੂੰ ਬੁਲਾ ਲਿਆ ਸੀ। ਇਸ ਮੌਕੇ ਏਬੀਵੀਪੀ ਨੂੰ ਛੱਡ ਕੇ ਬਾਕੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਮੀਟਿੰਗ ਵਿੱਚੋਂ ਵਾਕਆਊਟ ਕੀਤਾ।
ਇਸੇ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਮੰਗਾਂ ਮੰਨੀਆਂ ਜਾਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।