ਪੱਤਰ ਪ੍ਰੇਰਕ
ਘਨੌਲੀ, 15 ਦਸੰਬਰ
ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਬੀਤੇ ਦਿਨ ਤੋਂ ਚੱਲ ਰਹੇ ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਮਾਤਾ ਗੁਜਰੀ ਅਤੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਭਾਈ ਉਦੈ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਪਬਲਿਕ ਹਾਈ ਸਕੂਲ ਸਰਸਾ ਨੰਗਲ ਦੇ ਵਿਦਿਆਰਥੀਆਂ ਤੋਂ ਇਲਾਵਾ ਉੱਚ ਕੋਟਿ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਪਿੰਡ ਕੋਟਬਾਲਾ ਦੀਆਂ ਸੰਗਤਾਂ ਤੋਂ ਇਲਾਵਾ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੁਆਰਾ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਆਖੰਡ ਪਾਠ ਸਾਹਿਬ ਦੇ ਪਾਠਾਂ ਦਾ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਣਗੇ। ਅਤੇ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪੰਥ ਦੀਆਂ ਹੋਰ ਮਹਾਨ ਸ਼ਖ਼ਸੀ਼ਅਤਾਂ ਸੰਗਤਾਂ ਦੇ ਸਨਮੁੱਖ ਹੋਣਗੀਆਂ। ਇਸ ਮੌਕੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਗੁਰੂਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਮੈਨੇਜਰ ਸੰਦੀਪ ਸਿੰਘ ਕਲੋਤਾ, ਗੁਰੂਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਇੰਚਾਰਜ ਦਵਿੰਦਰ ਸਿੰਘ , ਹਰਬੰਸ ਸਿੰਘ ਕੋਟਬਾਲਾ, ਅਮਰਜੀਤ ਸਿੰਘ ਫੌਜੀ ਹਾਜ਼ਰ ਸਨ।