ਕੁਲਦੀਪ ਸਿੰਘ
ਚੰਡੀਗੜ੍ਹ, 12 ਅਪਰੈਲ
ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਖਿਲਾਫ਼ ਅਤੇ ਹੋਸਟਲ ਦੀ ਅਲਾਟਮੈਂਟ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਾਈਸ ਚਾਂਸਲਰ ਦਫ਼ਤਰ ਵਿੱਚ ਚੱਲ ਰਹੇ ਧਰਨੇ ਦੇ ਹਿੱਸੇ ਵਜੋਂ ਸਟੂਡੈਂਟ ਫਾਰ ਸੁਸਾਇਟੀ (ਐੱਸ.ਐੱਫ.ਐੱਸ.) ਨੇ ਹੋਸਟਲ ਮੈੱਸ ਦਾ ਬਾਈਕਾਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੇ ਚਲਦਿਆਂ 10 ਅਪਰੈਲ ਨੂੰ ਵਿਦਿਆਰਥੀਆਂ ਨੇ ਲੜਕਿਆਂ ਦੇ ਹੋਸਟਲ ਨੰਬਰ 1 ਅਤੇ 11 ਅਪਰੈਲ ਨੂੰ ਲੜਕੀਆਂ ਦੇ ਹੋਸਟਲ ਨੰਬਰ 5 ਦਾ ਬਾਈਕਾਟ ਕੀਤਾ।
ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਵਿਦਿਆਰਥੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਬਾਈਕਾਟ ਦੇ ਸੱਦੇ ਦਾ ਉਤਸ਼ਾਹ ਨਾਲ ਹੁੰਗਾਰਾ ਦੇ ਰਹੇ ਹਨ ਅਤੇ ਹੋਸਟਲ ਦੀਆਂ ਮੈੱਸਾਂ ਦਾ ਬਾਈਕਾਟ ਕਰ ਰਹੇ ਹਨ। ਦੂਜੇ ਪਾਸੇ ਪੀਯੂ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਧਮਕੀਆਂ ਦੇ ਕੇ ਵਿਦਿਆਰਥੀਆਂ ਦੇ ਰੋਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਗਰਲਜ਼ ਹੋਸਟਲ ਨੰਬਰ 7 ਦੀ ਮੈੱਸ ਦੇ ਬਾਈਕਾਟ ਦੀ ਅਫਵਾਹ ਫੈਲਾਈ ਗਈ ਸੀ ਪਰ ਅਥਾਰਟੀ ਨੇ ਅਫ਼ਵਾਹ ਉੱਤੇ ਵੀ ਕਾਰਵਾਈ ਕਰਦਿਆਂ ਹੋਸਟਲ ਵਿੱਚ ਦਾਖਲੇ ਦੀ ਜਾਂਚ ਕਰਨ ਲਈ ਲੜਕੀਆਂ ਦੇ ਹੋਸਟਲ ਦੇ ਗੇਟਾਂ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ।
ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੇ ਵਾਰਡਨ ਦੀ ਚਿਤਾਵਨੀ ਦੇ ਬਾਵਜੂਦ ਬਾਈਕਾਟ ਦੇ ਸੱਦੇ ਨੂੰ ਖੁੱਲ੍ਹ ਕੇ ਹੁੰਗਾਰਾ ਦਿੱਤਾ। ਵਾਰਡਨ ਨੇ ਚੰਡੀਗੜ੍ਹ ਪੁਲੀਸ ਨੂੰ ਗਰਲਜ਼ ਹੋਸਟਲ ਦੇ ਅੰਦਰ ਬੁਲਾ ਕੇ ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਨੂੰ ਧਮਕਾਇਆ ਪ੍ਰੰਤੂ ਕੁੜੀਆਂ ਨੇ ਬਹਾਦਰੀ ਨਾਲ ਸਾਹਮਣਾ ਕੀਤਾ। ਵਿਦਿਆਰਥੀ ਆਗੂ ਭਵਨਜੋਤ ਨੇ ਕਿਹਾ ਕਿ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੈ, ਠੇਕੇਦਾਰਾਂ ਜਾਂ ਵਾਰਡਨਾਂ ਦੀ ਨਹੀਂ। ਭਵਨ ਨੇ ਕਿਹਾ ਕਿ ਪੀ.ਯੂ. ਅਧਿਕਾਰੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਹੋਸਟਲਾਂ ਦੀ ਅਲਾਟਮੈਂਟ ਮੈਰਿਟ ਦੇ ਆਧਾਰ ’ਤੇ ਨਾ ਕਰਕੇ ਆਪਣੇ ਚਹੇਤਿਆਂ ਨੂੰ ਹੋਸਟਲ ਅਲਾਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਅੰਦੋਲਨ ਨੂੰ ਪੀਯੂ ਦੇ ਅਧਿਕਾਰੀ ਘਟੀਆ ਚਾਲਾਂ ਵਰਤ ਕੇ ਦਬਾ ਨਹੀਂ ਸਕਦੇ। ਜਥੇਬੰਦੀ ਅਧਿਕਾਰੀਆਂ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਨਿੰਦਾ ਕਰਦੀ ਹੈ ਅਤੇ ਵਿਦਿਆਰਥੀਆਂ ਦੀ ਇਸ ਪ੍ਰੇਸ਼ਾਨੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦੀ ਹੈ।
ਉਨ੍ਹਾਂ ਕਿਹਾ ਕਿ ਹੋਸਟਲਾਂ ਦੀਆਂ ਮੈੱਸਾਂ ਵਿੱਚ ਖਾਣਿਆਂ ਦੇ ਰੇਟਾਂ ਵਿੱਚ ਕੀਤੇ ਵਾਧੇ ਵਾਪਸ ਲਏ ਜਾਣ ਅਤੇ ਹੋਸਟਲ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ। ਜਦੋਂ ਤੱਕ ਅਥਾਰਿਟੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।