ਹਰਜੀਤ ਸਿੰਘ
ਜ਼ੀਰਕਪੁਰ, 28 ਜੂਨ
ਇੱਥੋਂ ਦੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਮਾਇਆ ਗਾਰਡਨ ਮੈਗਨੇਸ਼ਿਆ ਵਿੱਚ ਸ਼ੋਅਰੂਮ ਖਰੀਦਣ ਵਾਲੇ ਨਿਵੇਸ਼ਕਾਂ ਵੱਲੋਂ ਬਿਲਡਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਬਿਲਡਰ ਉਨ੍ਹਾਂ ਨੂੰ ਧੱਕੇ ਨਾਲ ਅਧੂਰੇ ਪ੍ਰਾਜੈਕਟ ਵਿੱਚ ਕਬਜ਼ਾ ਦੇਣਾ ਚਾਹੁੰਦਾ ਹੈ। ਲੋਕਾਂ ਦੇ ਰੋਹ ਨੂੰ ਦੇਖਦਿਆਂ ਬਿਲਡਰ ਨੂੰ ਮੌਕੇ ’ਤੇ ਪੁਲੀਸ ਨੂੰ ਬੁਲਾਉਣਾ ਪਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਲੋਕਾਂ ਨੂੰ ਮਾਮਲੇ ਦਾ ਹੱਲ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।
ਇਸ ਬਾਰੇ ਸੁਖਬੀਰ ਸਿੰਘ, ਸੁਰੇਸ਼ ਮਹਿਤਾ, ਸੋਮਿਆ ਮਿਸ਼ਰਾ, ਕੇ ਪੀ ਐੱਸ ਬੱਬਰ, ਪ੍ਰਵੀਨ ਵਿਜ, ਮਨੀਸ਼ ਗਰੋਵਰ, ਜਗਦੀਸ਼ ਵਰਮਾ, ਅਮਨਦੀਪ ਬਿਸ਼ਨੋਈ, ਅਸ਼ੋਕ ਜੁਨੇਜਾ ਅਤੇ ਅਮਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਉਨ੍ਹਾ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਮਾਇਆ ਗਾਰਡਨ ਮੈਗਨੇਸ਼ਿਆ ਪ੍ਰਾਜੈਕਟ ਵਿੱਚ ਕਮਰਸ਼ੀਅਲ ਸ਼ੋਅਰੂਮਾਂ ਦੀ ਖਰੀਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਿਲਡਰ ਵੱਲੋਂ ਸ਼ੋਅਰੂਮ ਵੇਚਦੇ ਹੋਏ ਪ੍ਰਾਜੈਕਟ ਪੂਰਾ ਹੋਣ ਤੱਕ ਇਕ ਪ੍ਰਤੀਸ਼ਤ ਮਹੀਨਾ ਬਿਆਜ਼ ਦੇਣ ਦਾ ਕਰਾਰ ਕੀਤਾ ਸੀ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਬਿਲਡਰ ਵੱਲੋਂ ਲੰਘੀ 31 ਮਾਰਚ 2020 ਤੋਂ ਪ੍ਰਾਜੈਕਟ ਪੂਰਾ ਹੋਣ ਦਾ ਦਾਅਵਾ ਕਰ ਕੇ ਕਰਾਰ ਮੁਤਾਬਕ ਵਿਆਜ਼ ਦੇਣਾ ਬੰਦ ਕਰ ਦਿੱਤਾ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਬਿਲਡਰ ’ਤੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜ੍ਹਕਾਉਣਗੇ।
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਹੀ ਬਿਲਡਰ ਨੂੰ ਕੰਪਲੀਸ਼ਨ ਪ੍ਰਮਾਣ ਪੱਤਰ ਦਿੱਤਾ ਗਿਆ ਹੈ। ਇਸ ਸਬੰਧੀ ਮਾਇਆ ਗਾਰਡਨ ਗਰੁੱਪ ਦੇ ਬਿਲਡਰ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਜਦਕਿ ਮੌਕੇ ’ਤੇ ਮੌਜੂਦ ਸੇਲਜ਼ ਅਧਿਕਾਰੀ ਨਰਿੰਦਰ ਅਰੋੜਾ ਨੇ ਕਿਹਾ ਕਿ ਸਮਝੌਤੇ ਬਾਰੇ ਪ੍ਰਾਜੈਕਟ ਦੇ ਡਾਇਰੈਕਟਰ ਹੀ ਜਾਣਕਾਰੀ ਦੇ ਸਕਦੇ ਹਨ।
ਦੋਵਾਂ ਧਿਰਾਂ ਨੂੰ ਪੁਲੀਸ ਸਟੇਸ਼ਨ ਸੱਦਿਆ ਗਿਐ: ਏਐੱਸਆਈ
ਮੌਕੇ ’ਤੇ ਪਹੁੰਚੇ ਏਐੱਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੁਜ਼ਾਹਰਾਕਾਰੀਆਂ ਨੂੰ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੱਲ੍ਹ ਲਈ ਦੋਵਾਂ ਪਾਰਟੀਆਂ ਨੂੰ ਪੁਲੀਸ ਸਟੇਸ਼ਨ ਸੱਦਿਆ ਗਿਆ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਦੋਵਾਂ ਪਾਰਟੀਆਂ ਨੂੰ ਬਿੱਠਾ ਕੇ ਕੋਈ ਹੱਲ ਕੱਢਿਆ ਜਾਵੇਗਾ।