ਮੁਕੇਸ਼ ਕੁਮਾਰ
ਚੰਡੀਗੜ੍ਹ, 20 ਜੁਲਾਈ
ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਅੱਜ ਇੱਥੇ ਪਿੰਡ ਕਜਹੇੜੀ ਵਿੱਚ ਨਗਰ ਨਿਗਮ ਵੱਲੋਂ ਬਣਾਈ ਗਈ ਗ੍ਰੀਨ ਬੈਲਟ ਦਾ ਉਦਘਾਟਨ ਕੀਤਾ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈਕੇ ਇੱਥੇ ਪੁਲੀਸ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਮੇਅਰ ਸ੍ਰੀ ਰਵੀ ਕਾਂਤ ਸ਼ਰਮਾਂ ਨੇ ਗ੍ਰੀਨ ਬੈਲਟ ਦਾ ਉਦਘਾਟਨ ਕੀਤਾ। ਇੱਥੇ ਮੇਅਰ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲੀਸ ਨੇ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬੈਠਾ ਲਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਖੇਤੀ ਕਾਨੂੰਨਾਂ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਗ੍ਰੀਨ ਬੈਲਟ ਦੇ ਉਦਘਾਟਨ ਦੇ ਮੌਕੇ ਮੇਅਰ ਸ੍ਰੀ ਰਵੀ ਕਾਂਤ ਸ਼ਰਮਾ ਨੇ ਨਗਰ ਨਿਗਮ ਦੇ ਇੰਜਨੀਅਰਿੰਗ ਵਿਭਾਗ ਸਮੇਤ ਇਲਾਕਾ ਕੌਂਸਲਰ ਚੰਦਰਵਤੀ ਸ਼ੁਕਲਾ ਦੀ ਸਲਾਘਾਂ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਪਿੰਡ ਦੀ ਇਹ ਗ੍ਰੀਨ ਬੈਲਟ ਇਲਾਕੇ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗ ਨਿਵਾਸੀਆਂ ਲਈ ਲਾਹੇਵੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਗ੍ਰੀਨ ਬੈਲਟ ਲਗਪੱਗ 1.50 ਏਕੜ ਵਿੱਚ ਬਣਾਈ ਗਈ ਹੈ, ਜਿਸ ਵਿੱਚ ਬੱਚਿਆਂ ਦੇ ਖੇਡਣ ਦੇ ਸਾਜੋਸਾਮਾਨ ਸਮੇਤ, ਸੈਰ ਕਰਨ ਲਈ ਟਰੈਕ,ਬੈਂਚ, ਸਜਾਵਟੀ ਪੌਦੇ ਆਦਿ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰੀਨ ਬੈਲਟ ਨੂੰ ਤਿਆਰ ਕਰਨ ਤੇ ਨਗਰ ਨਿਗਮ ਵੱਲੋਂ 47 ਲੱਖ ਰੁਪਏ ਖਰਚ ਕੀਤੇ ਗਏ ਹਨ। .ਗ੍ਰੀਨ ਬੈਲਟ ਦੇ ਉਦਘਾਟਨ ਦੇ ਮੌਕੇ ਇਲਾਕਾ ਕੌਂਸਲਰ ਚੰਦਰਵਤੀ ਸ਼ੁਕਲਾ, ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਐੱਸਈ ਕ੍ਰਿਸ਼ਨ ਪਾਲ ਸਿੰਘ, ਐਕਸੀਅਨ ਜੰਗਸ਼ੇਰ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।