ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਰਵੀਕਾਂਤ ਸ਼ਰਮਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਇਸ ਮਗਰੋਂ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਾਲ 2021 ’ਚ ਕੀਤੇ ਜਾਣ ਵਾਲੇ ਮਹੱਤਵਪੂਰਨ ਵਿਕਾਸ ਕਾਰਜਾਂ ਲਈ ਖਰੜਾ ਤਿਆਰ ਕੀਤਾ ਅਤੇ ਨਗਰ ਨਿਗਮ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਅੱਜ ਪਲੇਠੀ ਮੀਟਿੰਗ ਦੌਰਾਨ ਮੇਅਰ ਰਵੀਕਾਂਤ ਸ਼ਰਮਾ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਰੁਕੇ ਹੋਏ ਵਿਕਾਸ ਕਾਰਜ ਬਾਰੇ ਚਰਚਾ ਕੀਤੀ। ਮੇਅਰ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਰਹੇਗੀ ਕਿ ਸ਼ਹਿਰ ਦਾ ਇੱਕਸਾਰ ਵਿਕਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ। ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਭਰ ਵਿੱਚ ਸਫ਼ਾਈ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਲਿਆਉਣਾ ਵੀ ਉਨ੍ਹਾਂ ਦੇ ਟੀਚੇ ਵਿੱਚ ਸ਼ਾਮਲ ਹੈ।