ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਪਰੈਲ
ਸੈਕਟਰ-22 ’ਚ ਕਿਰਾਏ ’ਤੇ ਰਹਿੰਦੀ ਐੱਮਬੀਬੀਐੱਸ ਦੀ ਇਕ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤਰੁਸ਼ਿਖਾ (21) ਵਾਸੀ ਪੰਚਕੂਲਾ ਵਜੋਂ ਹੋਈ ਹੈ ਜੋ ਕਿ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਸੀ। ਤਰੁਸ਼ਿਖਾ ਸੈਕਟਰ 22 ਵਿਚਲੇ ਇਸ ਘਰ ’ਚ ਕਿਰਾਏ ’ਤੇ ਇਕੱਲੀ ਰਹਿੰਦੀ ਸੀ, ਜਿੱਥੇ ਉਸ ਨੇ ਫਾਹਾ ਲੈ ਲਿਆ। ਥਾਣਾ ਸੈਕਟਰ 17 ਦੀ ਪੁਲੀਸ ਨੇ ਘਟਨਾ ਮ੍ਰਿਤਕਾ ਨੂੰ ਸੈਕਟਰ 16 ਦੇ ਮਲਟੀ ਸਪੈਸ਼ਲਟੀ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਮ੍ਰਿਤਕਾ ਦੇ ਸੱਜੇ ਹੱਥ ਦੀ ਨੱਸ ਵੀ ਕੱਟੀ ਹੋਈ ਸੀ। ਮੌਕੇ ਤੋਂ ਕੋਈ ਖੁ਼ਦਕੁਸ਼ੀ ਪੱਤਰ ਨਹੀਂ ਮਿਲਿਆ।