ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਸਤੰਬਰ
ਕੌਮੀ ਮੈਡੀਕਲ ਕਮਿਸ਼ਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਦੇ ਵੱਕਾਰੀ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਮੈਡੀਕਲ ਕਾਲਜ ਕੰਪਲੈਕਸ ਨਾਲ ਸਬੰਧਤ ਸਾਰੇ ਉਸਾਰੀ ਕੰਮਾਂ ਨੂੰ ਛੇਤੀ ਪੂਰਾ ਕਰਨ ਲਈ ਕਾਰਵਾਈ ਵਿੱਢ ਦਿੱਤੀ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਮੈਡੀਕਲ ਕਾਲਜ ਵਾਲੀ ਥਾਂ ਦਾ ਦੌਰਾ ਕਰਕੇ ਬਕਾਇਆ ਰਹਿੰਦੇ ਕੰਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਕੌਮੀ ਮੈਡੀਕਲ ਕਮਿਸ਼ਨ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਮੈਡੀਕਲ ਕਾਲਜ) ਨੂੰ ਵਿੱਦਿਅਕ ਸਾਲ 2021-22 ਦੌਰਾਨ ਐਮਬੀਬੀਐਸ ਦੀਆਂ 100 ਸੀਟਾਂ ’ਤੇ ਦਾਖ਼ਲਿਆਂ ਨਾਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਦੀਆਂ ਸਾਰੀਆਂ ਸਮੀਖਿਆ ਰਿਪੋਰਟਾਂ ਸ਼ਾਨਦਾਰ ਪਾਏ ਜਾਣ ਤੋਂ ਬਾਅਦ ਕੌਮੀ ਮੈਡੀਕਲ ਕਮਿਸ਼ਨ ਨੇ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਕਾਲਜ ਦੀ ਇਮਾਰਤ ਦੀ ਡਰਾਇੰਗ ਦੀ ਘੋਖ ਕਰਦਿਆਂ ਡੀਸੀ ਨੇ ਕਿਹਾ ਕਿ ਸਾਰੇ ਸਿਵਲ ਅਤੇ ਹੋਰ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਤਾਂ ਜੋ ਨੀਟ ਦੇ ਨਤੀਜੇ ਤੋਂ ਬਾਅਦ ਇਸ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸਮੇਂ ਸਿਰ ਸ਼ੁਰੂ ਕੀਤੀਆਂ ਜਾ ਸਕਣ। ਇਸ ਮੌਕੇ ਏਡੀਸੀ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਤੇ ਐਸਡੀਐਮ ਹਰਬੰਸ ਸਿੰਘ ਹਾਜ਼ਰ ਸਨ।
ਡੀਸੀ ਵੱਲੋਂ ਚੋਣ ਤਿਆਰੀਆਂ ਦਾ ਵਿਸ਼ਲੇਸ਼ਣ
ਚੋਣ ਤਿਆਰੀਆਂ ਦੀ ਹਕੀਕੀ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਚੋਣ ਕਮਿਸ਼ਨ ਦੇ ਫੇਜ਼-7 ਵਿੱਚ ਸਥਿਤ ਗੁਦਾਮ ਦਾ ਦੌਰਾ ਕੀਤਾ, ਜਿੱਥੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਤਿਆਰੀਆਂ ਦੀ ਸਮੀਖਿਆ ਵੀ ਕੀਤੀ।