ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 22 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ 3.30 ਲੱਖ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦੇ ਮੁਲਾਂਕਣ ਲਈ ਕਰਵਾਈ ਜਾਣ ਵਾਲੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਤਹਿਤ ਅੱਜ ਪ੍ਰੀ-ਪ੍ਰਾਇਮਰੀ-1 ਜਮਾਤ ਦੀ ਮਾਪੇ-ਅਧਿਆਪਕ ਮਿਲਣੀ ਨੇਪਰੇ ਚੜ੍ਹ ਗਈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇਸ ਵਾਰ ਮੁਲਾਂਕਣ ਕਰਨ ਦੀ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ। ਜਿਸ ਤਹਿਤ ਇਸ ਵਾਰ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਂਦੇ ਅਧਿਆਪਕ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਮੁਲਾਂਕਣ ਕਾਰਜ ਨੂੰ ਨੇਪਰੇ ਚੜ੍ਹਾਅ ਰਹੇ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸ਼੍ਰੇਣੀਆਂ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਸੈਸ਼ਨ 2018-19 ਵਿੱਚ ਪ੍ਰੀ-ਪ੍ਰਾਇਮਰੀ ਵਿੱਚ 1.94 ਲੱਖ ਬੱਚੇ ਦਾਖ਼ਲ ਹੋਏ ਸਨ। ਜਿਨ੍ਹਾਂ ਦੀ ਗਿਣਤੀ 2019-20 ’ਚ 22.60 ਲੱਖ ਹੋ ਗਈ। ਸੈਸ਼ਨ 2020-21 ਦੀ ਗੱਲ ਕਰੀਏ ਤਾਂ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਰੱਖਦੇ ਹੋਏ ਰਿਕਾਰਡ ਤੋੜ ਵਾਧਾ ਹੋਇਆ ਹੈ। ਮੌਜੂਦਾ ਸੈਸ਼ਨ ਵਿੱਚ 3.30 ਲੱਖ ਬੱਚੇ ਦਾਖਲ ਹੋਏ ਹਨ, ਜੋ ਪਿਛਲੇ ਸੈਸ਼ਨ ਨਾਲੋਂ 46.41 ਫ਼ੀਸਦ ਗਿਣਤੀ ਵਧੀ ਹੈ। ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਨ ਲਈ ਸਰੀਰਕ, ਸਮਾਜਿਕ, ਭਾਵਨਾਤਮਕ, ਬੌਧਿਕ, ਭਾਸ਼ਾਈ ਤੇ ਗਣਿਤਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਕੰਮ ਕਰਵਾਇਆਂ ਜਾਂਦਾ ਹੈ।