ਹਰਜੀਤ ਸਿੰਘ
ਡੇਰਾਬੱਸੀ, 18 ਸਤੰਬਰ
ਪੰਚਾਇਤੀ ਰਾਜ ਸੰਸਥਾਵਾਂ ਬਾਰੇ ਵਿਧਾਨ ਸਭਾ ਕਮੇਟੀ ਨੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਅੱਜ ਡੇਰਾਬੱਸੀ ਹਲਕੇ ਦਾ ਦੌਰਾ ਕੀਤਾ। ਕਮੇਟੀ ਮੈਂਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਆਏ ਕਮੇਟੀ ਮੈਂਬਰਾਂ ਵਿੱਚ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਅਮੋਲਕ ਸਿੰਘ, ਏਡੀਸੀ ਜਸਵਿੰਦਰ ਸਿੰਘ ਰਮਦਾਸ, ਨਰੇਸ਼ ਕਟਾਰੀਆ ਅਤੇ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲਿਆ। ਕਮੇਟੀ ਨੇ ਪਿੰਡ ਬਰੋਲੀ, ਅਮਲਾਲਾ ਅਤੇ ਸਰਸੀਣੀ ਦਾ ਦੌਰਾ ਕਰ ਕੇ ਚੱਲ ਰਹੇ ਕੰਮ ਦੇਖੇ।
ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਕਮੇਟੀ ਨੇ ਵੱਖ ਵੱਖ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਥਾਰਤ ਰਿਪੋਰਟ ਅਗਲੀ ਕਾਰਵਾਈ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਜਾਵੇਗੀ।