ਪੱਤਰ ਪ੍ਰੇਰਕ
ਚੰਡੀਗੜ੍ਹ, 19 ਜੁਲਾਈ
ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਨੂੰ ਤੁਰੰਤ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂਆਂ ਨੇ ਅੱਜ ਡਾਇਰੈਕਟਰ ਆਫ਼ ਸਪੋਰਟਸ ਪ੍ਰਸ਼ਾਂਤ ਕੁਮਾਰ ਗੌਤਮ ਨੂੰ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦੱਸਿਆ ਕਿ ਜਿਮਨੇਜ਼ੀਅਮ ਹਾਲ ਵੱਖ-ਵੱਖ ਕਾਰਨਾਂ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਹੈ, ਜਿਸ ਕਰਕੇ ਬੈਡਮਿੰਟਨ ਕੋਰਟ, ਵੇਟ ਲਿਫ਼ਟਿੰਗ ਉਪਕਰਨਾਂ ਨੂੰ ਵਰਤਣ ਤੋਂ ਵਿਦਿਆਰਥੀ ਵਾਂਝੇ ਰਹਿ ਰਹੇ ਹਨ। ਆਗੂਆਂ ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਭਰਨੀਆਂ ਪੈਂਦੀਆਂ ਵਾਧੂ ਫੀਸਾਂ ਦਾ ਮੁੱਦਾ ਵੀ ਚੁੱਕਿਆ। ਦਾਖਲੇ ਵੇਲੇ ਵਿਦਿਆਰਥੀਆਂ ਤੋਂ ਫੁਟਕਲ ਫੰਡ ਦੇ ਨਾਮ ਉੱਤੇ ਫੀਸ ਭਰਾਈ ਜਾਂਦੀ ਹੈ, ਜਿਸ ਨੂੰ ਖੇਡ ਵਿਭਾਗਾਂ ਵੱਲੋਂ ਵਰਤਿਆ ਜਾਂਦਾ ਹੈ ਪ੍ਰੰਤੂ ਜਿਉਂ ਹੀ ਕਿਸੇ ਵਿਦਿਆਰਥੀ ਕਿਸੇ ਖੇਡ ਵਿੱਚ ਹਿੱਸਾ ਲੈਣ ਲਈ ਸ਼ਨਾਖਤੀ ਕਾਰਡ ਬਣਾਇਆ ਜਾਂਦਾ ਹੈ ਤਾਂ ਯੂਨੀਵਰਸਿਟੀ ਵੱਲੋਂ ਤਿੰਨ ਮਹੀਨਿਆਂ ਦੀ ਫੀਸ ਵੱਖਰੀ ਭਰਾਈ ਜਾਂਦੀ ਹੈ। ਡਾਇਰੈਕਟਰ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਵੱਲੋਂ ਜੋ ਫੀਸ ਤਿੰਨ ਮਹੀਨਿਆਂ ਦੀ ਜਮ੍ਹਾਂ ਕਰਵਾਈ ਗਈ ਹੈ, ਫਿਲਹਾਲ ਉਸ ਫੀਸ ਦੀ ਮਿਆਦ ਵਧਾ ਦਿੱਤੀ ਜਾਵੇਗੀ।