ਜਗਮੋਹਨ ਸਿੰਘ
ਘਨੌਲੀ, 17 ਸਤੰਬਰ
ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖ਼ਿਲਾਫ਼ ਕਰੀਬ ਢਾਈ ਸਾਲਾਂ ਤੋਂ ਧਰਨੇ ’ਤੇ ਬੈਠੇ ਧਰਨਾਕਾਰੀਆਂ ਨੇ ਬਾਅਦ ਦੁਪਹਿਰ ਥਰਮਲ ਪਲਾਂਟ ਅਤੇ ਫੈਕਟਰੀ ਦੇ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਦੀ ਪਹਿਲਕਦਮੀ ਸਦਕਾ ਹੋਈ ਦੂਜੇ ਗੇੜ ਦੀ ਮੀਟਿੰਗ ਦੌਰਾਨ ਧਰਨਾਕਾਰੀਆਂ ਨੇ ਕਿਹਾ ਕਿ ਕੌਮੀ ਮਾਰਗਾਂ ਲਈ ਸੁਆਹ ਢੋਣ ਲਈ ਵਰਤੇ ਜਾ ਰਹੇ ਟਿੱਪਰਾਂ ਕਾਰਨ ਸੜਕਾਂ ਟੁੱਟ ਰਹੀਆਂ ਹਨ। ਉਨ੍ਹਾਂ ਸੀਮਿੰਟ ਫੈਕਟਰੀ ਦੇ ਐਸ਼ ਡਰਾਇਰਾਂ ਨੂੰ ਇਲਾਕੇ ਲਈ ਘਾਤਕ ਕਰਾਰ ਦਿੱਤਾ। ਦੂਜੇ ਪਾਸੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਫੈਕਟਰੀ ਦਾ ਦੌਰਾ ਕੀਤਾ। ਡਰਾਇਰਾਂ ਨਾਲ ਪ੍ਰਦੂਸ਼ਣ ਦੀ ਸੰਭਾਵਨਾ ਜ਼ੀਰੋ ਫ਼ੀਸਦੀ ਹੈ। ਅੰਬੂਜਾ ਅਧਿਕਾਰੀਆਂ ਨੇ ਦੱਸਿਆ ਕਿ ਐਸ਼ ਡਰਾਇਰ ਸਿਰਫ਼ ਲੰਬੇ ਸਮੇਂ ਲਈ ਥਰਮਲ ਬੰਦ ਰਹਿਣ ’ਤੇ ਹੀ ਚਲਾਏ ਜਾਂਦੇ ਹਨ। ਧਰਨਾਕਾਰੀਆਂ ਨੇ ਡਰਾਇਰ ਬੰਦ ਰੱਖਣ ਸਬੰਧੀ ਲਿਖਤੀ ਭਰੋਸੇ ਦੀ ਮੰਗ ਕੀਤੀ ਤਾਂ ਅਧਿਕਾਰੀਆਂ ਨੇ ਅਸਮਰੱਥਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਉੱਚ ਅਧਿਕਾਰੀਆਂ ਨਾਲ ਵਿਚਾਰਿਆ ਜਾਵੇਗਾ। ਦੋਵਾਂ ਧਿਰਾਂ ਦੀ ਸਹਿਮਤੀ ਨਾਲ ਅਗਲੀ ਮੀਟਿੰਗ 18 ਸਤੰਬਰ ਨੂੰ ਰੱਖੀ ਗਈ ਹੈ।