ਕੁਲਦੀਪ ਸਿੰਘ
ਚੰਡੀਗੜ੍ਹ, 4 ਨਵੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਦੀਆਂ ਚੋਣਾਂ ਬਹਾਲ ਕਰਵਾਉਣ ਲਈ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਉਪ ਕੁਲਪਤੀ ਦਫ਼ਤਰ ਅੱਗੇ ਸ਼ੁਰੂ ਕੀਤੇ ਦਿਨ-ਰਾਤ ਦੇ ਧਰਨੇ ਵਿੱਚ ਅੱਜ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ’ਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ ਸੈਨੇਟਰ ਮਾਲਵਿੰਦਰ ਸਿੰਘ ਕੰਗ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਬਚਾਉਣ ਲਈ ਲੜਾਈ ਲੜਨ ਦਾ ਐਲਾਨ ਕੀਤਾ।
ਮਿਲੀ ਜਾਣਕਾਰੀ ਵਿਦਿਆਰਥੀ ਆਗੂਆਂ ਅਸ਼ਮੀਤ ਸਿੰਘ, ਜੋਧ ਸਿੰਘ, ਸੈਨੇਟਰ ਪ੍ਰੋ. ਇੰਦਰਪਾਲ ਸਿੰਘ ਸਿੱਧੂ, ਅੰਗਰੇਜ਼ੀ ਵਿਭਾਗ ਤੋਂ ਪ੍ਰੋ. ਸੁਧੀਰ ਮਹਿਰਾ, ਰਵਿੰਦਰ ਸਿੰਘ ਬਿੱਲਾ ਧਾਲੀਵਾਲ ਅਤੇ ਪ੍ਰੋ. ਕੁਲਵਿੰਦਰ ਸਿੰਘ ਆਦਿ ਨੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਮਾਮਲੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ 200 ਤੋਂ ਵੱਧ ਕਾਲਜਾਂ ਵਾਲੀ ਇਸ ਪੰਜਾਬ ਯੂਨੀਵਰਸਿਟੀ ਵਰਗੇ ਵਿਰਾਸਤੀ ਅਦਾਰੇ ਵਿਚਲੀ ਬਿਹਤਰੀਨ ਲੋਕਤੰਤਰੀ ਬਾਡੀ ‘ਸੈਨੇਟ’ ਨੂੰ ਭੰਗ ਕਰਨ ਲਈ ਜ਼ੋਰ ਲਗਾ ਰਹੀ ਹੈ ਜੋ ਕਿ ਇੱਕ ਡੂੰਘੀ ਸਾਜ਼ਿਸ਼ ਹੈ ਤੇ ਇਹ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਮੁੱਦੇ ’ਤੇ ਵਾਈਸ ਚਾਂਸਲਰ ਚੁੱਪ ਧਾਰੀ ਬੈਠੇ ਹਨ ਜਦਕਿ ਉਨ੍ਹਾਂ ਨੂੰ ਚਾਂਸਲਰ ਕੋਲ ਆਪਣੀ ਗੱਲ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ’ਵਰਸਿਟੀ ਨਾਲ ਜੁੜੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਬਚਾਉਣ ਲਈ ਉਹ ਲੜਾਈ ਲੜਨਗੇ। ਸ੍ਰ. ਕੰਗ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਹੈ। ਕੰਗ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਉਪ ਰਾਸ਼ਟਰਪਤੀ ਜੋ ਕਿ ਯੂਨੀਵਰਸਟੀ ਦੇ ਚਾਂਸਲਰ ਵੀ ਹਨ, ਨੂੰ ਵੀ ਪੱਤਰ ਲਿਖਿਆ ਹੈ ਪਰ ਉਨ੍ਹਾਂ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਧਰਨੇ ਵਿੱਚ ਮੌਜੂਦ ਸੈਨੇਟਰ ਪ੍ਰੋ. ਇੰਦਰਪਾਲ ਸਿੰਘ ਸਿੱਧੂ ਨੇ ਅਧਿਆਪਕ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ), ਪੀਸੀਸੀਟੀਯੂ, ਏਯੂਸੀਟੀ ਆਦਿ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ। ਇੱਕ ਵੱਖਰੇ ਬਿਆਨ ਰਾਹੀਂ ‘ਆਪ’ ਆਗੂ ਗੁਰਮੇਲ ਸਿੰਘ ਸਿੱਧੂ ਨੇ ਸੈਨੇਟ ਬਚਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।