ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਸਤੰਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਅੱਠ ਨਵੀਆਂ ਮਿੱਡ-ਡੇਅ ਮੀਲ ਰਸੋਈਆਂ ਬਣਨਗੀਆਂ ਜੋ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਖਾਣਾ ਮੁਹੱਈਆ ਕਰਵਾਉਣਗੀਆਂ। ਇਸ ਤੋਂ ਪਹਿਲਾਂ ਸੱਤ ਸਰਕਾਰੀ ਸਕੂਲ ਮਿੱਡ-ਡੇਅ ਮੀਲ ਤਿਆਰ ਕਰ ਰਹੇ ਹਨ। ਇਸ ਲਈ ਪ੍ਰਸ਼ਾਸਨ ਨੇ ਬਜਟ ਪਾਸ ਕਰ ਦਿੱਤਾ ਹੈ ਤੇ 4.72 ਲੱਖ ਰੁਪਏ ਜਾਰੀ ਵੀ ਕਰ ਦਿੱਤੇ ਹਨ। ਦੂਜੇ ਪਾਸੇ, ਕੇਂਦਰ ਸਰਕਾਰ ਨੇ ਯੂਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਬਕਾਇਆ ਰਹਿੰਦੀਆਂ ਮਿੱਡ-ਡੇਅ ਮੀਲ ਰਸੋਈਆਂ ਦਾ ਕੰਮ ਮੁਕੰਮਲ ਕਰੇ।
ਕੇਂਦਰ ਸਰਕਾਰ ਨੇ ਯੂਟੀ ਨੂੰ 14 ਸਾਲ ਪਹਿਲਾਂ ਰਾਸ਼ੀ ਜਾਰੀ ਕੀਤੀ ਸੀ, ਪਰ ਯੂਟੀ ਨੇ ਪੂਰੀਆਂ ਰਸੋਈਆਂ ਨਹੀਂ ਬਣਾਈਆਂ ਜਿਸ ਕਾਰਨ ਕੇਂਦਰ ਨੇ ਯੂਟੀ ਨੂੰ ਰਹਿੰਦੀਆਂ ਰਸੋਈਆਂ ਦਾ ਕੰਮ ਇਸ ਸਾਲ 31 ਦਸੰਬਰ ਤੋਂ ਪਹਿਲਾਂ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।
ਇਸ ਵੇਲੇ ਸੱਤ ਸਕੂਲ ਮਿੱਡ-ਡੇਅ ਮੀਲ ਬਣਾਉਂਦੇ ਹਨ ਜੋ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸਕੂਲਾਂ ਲਈ ਖਾਣਾ ਤਿਆਰ ਕਰਦੇ ਹਨ।ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੱਤ ਮਿੱਡ-ਡੇਅ ਮੀਲ ਤਿਆਰ ਕਰਦੀਆਂ ਰਸੋਈਆਂ ਲਈ ਪ੍ਰਸ਼ਾਸਨ ਨੇ ਰਾਸ਼ੀ ਜਾਰੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਟਕੋ ਦੇ ਸ਼ਿਵਾਲਿਕ ਵਿਊ, ਚੰਡੀਗੜ੍ਹ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ-42 ਤੇ ਅੰਬੇਡਕਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ 42 ਤੋਂ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਸੂਤਰਾਂ ਅਨੁਸਾਰ ਵਿਭਾਗ ਦੀ ਇਨ੍ਹਾਂ ਤਿੰਨ ਬਾਹਰਲੀਆਂ ਕਿਚਨਾਂ ਤੋਂ ਭਾਰ ਘਟਾ ਕੇ ਆਪਣੇ ਮਿੱਡ-ਡੇਅ ਮੀਲ ਤਿਆਰ ਕਰਨ ਵਾਲੇ ਸਕੂਲਾਂ ’ਤੇ ਜ਼ਿੰਮੇਵਾਰੀ ਪਾਉਣ ਦੀ ਯੋਜਨਾ ਹੈ। ਪਹਿਲਾਂ ਇਹ ਸੱਤ ਰਸੋਈਆਂ ਅੱਠ ਹਜ਼ਾਰ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਦੀਆਂ ਸਨ ਪਰ ਨਵੇਂ ਨਿਯਮਾਂ ਤਹਿਤ ਇਹ 30,000 ਵਿਦਿਆਰਥੀਆਂ ਲਈ ਖਾਣਾ ਤਿਆਰ ਕਰਨਗੀਆਂ।
ਖਾਣੇ ਦੇ ਮਿਆਰ ਵਿੱਚ ਸੁਧਾਰ ਲਈ ਯੋਜਨਾ
ਇਸ ਸਮੇਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-26 ਟਿੰਬਰ ਮਾਰਕੀਟ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-15, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-47, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-38, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-42 ਵਿੱਚ ਵਿਦਿਆਰਥੀਆਂ ਲਈ ਖਾਣਾ ਤਿਆਰ ਹੁੰਦਾ ਹੈ। ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਕੂਲਾਂ ਲਈ ਖਾਣਾ ਤਿਆਰ ਕਰਨ ਲਈ ਬਜਟ ਪਾਸ ਕਰ ਦਿੱਤਾ ਗਿਆ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਿਟਕੋ ਵੱਲੋਂ ਖਾਣੇ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਪ੍ਰਤੀ ਵਿਦਿਆਰਥੀ ਅਦਾਇਗੀ ਵਿੱਚ ਵਾਧਾ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।