ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 9 ਜੁਲਾਈ
ਡੀਸੀ ਦੇ ਹੁਕਮਾਂ ਨੂੰ ਕੁਝ ਲੋਕਾਂ ਵੱਲੋਂ ਟਿੱਚ ਜਾਣਿਆ ਗਿਆ ਜਿਸਦਾ ਖਮਿਆਜ਼ਾ ਅੱਜ ਇਨ੍ਹਾਂ ਨੂੰ ਭੁਗਤਣਾ ਪਿਆ ਤੇ ਉਹ ਆਪਣੇ ਪਸ਼ੂਆਂ ਸਮੇਤ ਨਿੱਕਾ-ਮੋਟਾ ਸਾਮਾਨ ਲੈ ਕੇ ਦੌੜੇ। ਸਿੱਸਵਾਂ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਬਰਸਾਤੀ ਨਦੀ ਪਿੰਡ ਪੜੌਲ, ਕੰਸਾਲਾ ਤੇ ਢਕੋਰਾਂ ਫਾਟਵਾਂ ਰਾਹੀਂ ਹੁੰਦੀ ਹੋਈ ਅੱਗੇ ਦੁਸਾਰਨਾ ਤੇ ਕੁਰਾਲੀ ਵਾਲੀ ਨਦੀ ਵਿੱਚ ਜਾ ਰਲਦੀ ਹੈ। ਇਸ ਨਦੀ ’ਤੇ ਬਣੇ ਪੁਲ ਦੇ ਹੇਠਾਂ ਇਨ੍ਹਾਂ ਲੋਕਾਂ ਵੱਲੋਂ ਘਾਹ, ਫੂਸ ਤੇ ਝੁੰਡ ਦੇ ਛੱਪਰ ਬਣਾਏ ਦੇਖੇ ਜਾ ਸਕਦੇ ਹਨ। ਪਿੰਡ ਜੈਯੰਤੀ ਮਾਜਰੀ ਵਿੱਚੋਂ ਆਉਂਦੀ ਅਤੇ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਨਿਕਲਦੀ ਨਦੀ ਵਿੱਚ ਪਾਈਆਂ ਹੋਈਆਂ ਛੰਨਾਂ ਆਮ ਦੇਖੀਆਂ ਜਾ ਸਕਦੀਆਂ ਹਨ। ਨਵਾਂ ਗਾਉਂ ਦੀ ਸਿੰਘਾ ਦੇਵੀ ਕਲੋਨੀ ਵਿੱਚੋਂ ਨਿਕਲਦੀ ਪਟਿਆਲਾ ਦੀ ਰਾਉ ਨਦੀ ਦੇ ਐਨ ਕੰਢੇ ’ਤੇ ਜਾਣਬੁੱਝ ਕੇ ਕਈ ਪਰਵਾਸੀ ਲੋਕਾਂ ਨੇ ਆਪਣੇ ਘਰ ਪੱਕੇ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਕਈਘੰਟਿਆਂ ਤੋਂ ਲਗਾਤਾਰ ਹੋਈ ਬਰਸਾਤ ਕਾਰਨ ਬਰਸਾਤੀ ਪਾਣੀ ਮੁੱਲਾਂਪੁਰ, ਪੜੌਲ, ਸਿੰਘਾ ਦੇਵੀ ਤੇ ਨਵਾਂ ਗਾਉਂ ਵਿੱਚ ਲੋਕਾਂ ਦੇ ਕਈ ਘਰਾਂ ਤੇ ਦੁਕਾਨਾਂ ਵਿੱਚ ਵੜ ਗਿਆ।