ਮੁਕੇਸ਼ ਕੁਮਾਰ
ਚੰਡੀਗੜ੍ਹ, 13 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ ਦੇ ਦਫ਼ਤਰ ਵੱਲੋਂ ਸ਼ਹਿਰ ਵਿਚ ਮੁੜਵਸੇਬਾ ਯੋਜਨਾ 1979 ਤਹਿਤ ਵਸਾਈਆਂ ਗਈਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਾਰੀਆਂ ਮੁੜਵਸੇਬਾ ਕਾਲੋਨੀਆਂ ਵਿੱਚ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾਵੇਗਾ। ਇਹ ਸਰਵੇਖਣ 16 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ 17 ਅਕਤੂਬਰ ਤੱਕ ਜਾਰੀ ਰਹੇਗਾ। ਪ੍ਰਸ਼ਾਸਨ ਦੇ ਮਿਲਖ ਵਿਭਾਗ ਅਨੁਸਾਰ ਇਸ ਸਰਵੇਖਣ ਦਾ ਮੁੱਖ ਟੀਚਾ ਮੁੜਵਸੇਬਾ ਕਾਲੋਨੀਆਂ ਵਿਚਲੀਆਂ ਟੈਨਾਮੈਂਟ, ਪਲਿੰਥ ਅਤੇ ਖਾਲੀ ਪਈਆਂ ਸਾਈਟਾਂ ਦੇ ਅਸਲ ਮਾਲਕਾਂ ਦਾ ਪਤਾ ਲਗਾਉਣਾ ਹੈ। ਇਸ ਸਰਵੇਖਣ ਦੌਰਾਨ ਮਿਲਖ ਵਿਭਾਗ ਦਫ਼ਤਰ ਦੇ ਫੀਲਡ ਕਰਮਚਾਰੀਆਂ ਦੀਆਂ ਟੀਮਾਂ ਇਨ੍ਹਾਂ ਮੁੜਵਸੇਬਾ ਕਾਲੋਨੀਆਂ ਵਿੱਚ ਰਹਿਣ ਵਾਲੇ ਵਸਨੀਕਾਂ ਤੇ ਅਸਲ ਵਸਨੀਕਾਂ ਦੀ ਤਸਦੀਕ ਕਰਨ ਲਈ ਘਰ-ਘਰ ਜਾਣਗੀਆਂ।
ਚੰਡੀਗੜ੍ਹ ਪ੍ਰਸ਼ਾਸਨ ਨੇ ਇਨ੍ਹਾਂ ਟੈਨਾਮੈਂਟ, ਪਲਿੰਥ ਅਤੇ ਖਾਲੀ ਪਈਆਂ ਸਾਈਟਾਂ ਵਿੱਚ ਰਹਿਣ ਵਾਲੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਵੇਖਣ ਦੌਰਾਨ ਮਿਲਖ ਵਿਭਾਗ ਦੀ ਟੀਮ ਵੱਲੋਂ ਮੰਗੇ ਜਾਣ ਵਾਲੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਉਪਲਬਧ ਕਰਵਾਉਣ ਜਾਂ ਜਮ੍ਹਾਂ ਕਰਵਾਉਣ ਵਿੱਚ ਸਹਿਯੋਗ ਕਰਨ। ਪ੍ਰਸ਼ਾਸਨ ਵੱਲੋਂ ਜਾਰੀ ਸੂਚਨਾ ਮੁਤਾਬਕ ਸਰਵੇਖਣ ਲਈ ਪੁੱਜੀ ਪ੍ਰਸ਼ਾਸਨ ਦੀ ਟੀਮ ਨੂੰ ਸਰਵੇਖਣ ਦੌਰਾਨ ਮੁੜਵਸੇਬਾ ਯੋਜਨਾ ਤਹਿਤ ਇਨ੍ਹਾਂ ਕਾਲੋਨੀਆਂ ਦੇ ਮਕਾਨਾਂ ’ਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਪਛਾਣ ਅਤੇ ਪਤੇ ਦਾ ਸਬੂਤ ਦੇਣਾ ਹੋਵੇਗਾ। ਇਸ ਦੇ ਨਾਲ ਹੀ ਲੋੜੀਂਦੀ ਪਰਚੀ, ਅਲਾਟਮੈਂਟ ਵੇਲੇ ਪ੍ਰਾਪਤ ਅਲਾਟਮੈਂਟ ਲੈਟਰ, ਜੀਪੀਏ/ਐੱਸਪੀਏ/ਏਟੀਐੱਸ/ਵਸੀਅਤ ਦੀਆਂ ਕਾਪੀਆਂ, ਕੋਈ ਹੋਰ ਦਸਤਾਵੇਜ਼ ਜੋ ਮੂਲ ਅਲਾਟੀ ਦੇ ਨਾਲ ਸਬੰਧਤ ਹੋਣ, ਕਿਰਾਏਦਾਰੀ ਵਾਲੀ ਥਾਂ ’ਤੇ ਸਥਾਈ ਕਬਜ਼ੇ ਦੇ ਸਬੂਤ ਵਜੋਂ ਕੋਈ ਵੀ ਦਸਤਾਵੇਜ਼, ਮਕਾਨ ਦੇ ਅਸਲੀ ਅਲਾਟੀ ਦਾ ਸਮਰਥਨ ਕਰਨ ਵਾਲਾ ਦਸਤਾਵੇਜ਼, ਫਿਜ਼ੀਕਲ ਸਰਵੇਖਣ ਦੌਰਾਨ ਆਧਾਰ ਨੰਬਰ, ਤਾਜ਼ਾ ਵੋਟਰ ਕਾਰਡ ਅਤੇ ਕਬਜ਼ੇ ਦੇ ਸਬੂਤ ਵਜੋਂ ਕਿਰਾਏ ਦੀਆਂ ਰਸੀਦਾਂ ਉਪਲਬਧ ਕਰਵਾਉਣੀਆਂ ਹੋਣਗੀਆਂ। ਮਿਲਖ ਵਿਭਾਗ ਅਨੁਸਾਰ ਇਸ ਸਰਵੇਖਣ ਦਾ ਮੁੱਖ ਉਦੇਸ਼ ਮੁੜਵਸੇਬਾ ਕਾਲੋਨੀਆਂ ਅੰਦਰ ਜਾਇਦਾਦ ਦੇ ਅਸਲ ਵਸਨੀਕ ਦੇ ਰਿਕਾਰਡ ਦੀ ਸਟੀਕਤਾ ਯਕੀਨੀ ਬਣਾਉਣਾ ਹੈ। ਮਿਲਖ ਵਿਭਾਗ ਅਨੁਸਾਰ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਵਸਨੀਕਾਂ ਦਾ ਸਹਿਯੋਗ ਜ਼ਰੂਰੀ ਹੈ। ਇਸ ਸਰਵੇਖਣ ਤੋਂ ਬਾਅਦ ਅਨੁਮਾਨ ਹੈ ਕਿ ਪ੍ਰਸ਼ਾਸਨ ਦੀ ਇਸ ਪਹਿਲ ਨਾਲ ਇਨ੍ਹਾਂ ਮੁੜਵਸੇਬਾ ਕਾਲੋਨੀਆਂ ਦੇ ਜਾਇਦਾਦ ਦੇ ਰਿਕਾਰਡ ਨੂੰ ਠੀਕ ਕਰਨ ਵਿੱਚ ਮਦਦ ਮਿਲੇਗੀ। ਮਿਲਖ ਵਿਭਾਗ ਦੇ ਦਫ਼ਤਰ ਵੱਲੋਂ 16 ਅਗਸਤ ਤੋਂ ਸ਼ੁਰੂ ਕੀਤੇ ਜਾਣ ਵਾਲੇ ਇਸ ਸਰਵੇਖਣ ਲਈ ਰੋਜ਼ਾਨਾ 15 ਟੀਮਾਂ ਵੱਲੋਂ ਮੁੜਵਸੇਬਾ ਕਾਲੋਨੀਆਂ ਵਿੱਚ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਇਹ ਸਰਵੇਖਣ 17 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।