ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ
ਦੁੱਧ ਉਤਪਾਦਕਾਂ ਵੱਲੋਂ ਦੁੱਧ ਦਾ ਭਾਅ ਘਟਾਉਣ ਸਣੇ ਆਪਣੀਆਂ ਹੋਰ ਜਾਇਜ਼ ਮੰਗਾਂ ਦੀ ਪੂਰਤੀ ਲਈ ਸੋਮਵਾਰ ਨੂੰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਮੁਹਾਲੀ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਬੀਤੇ ਦਿਨੀਂ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀ ਨਾਲ ਚੱਲੀ ਛੇ ਘੰਟੇ ਮੀਟਿੰਗ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਦੇਸ਼ ਦੇ ਕਿਸਾਨਾਂ ਦੀ ਸੰਘੀ ਘੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਕਾਲ ਦੌਰਾਨ ਬਹੁਤ ਜਲਦਬਾਜ਼ੀ ਵਿੱਚ ਕਿਸਾਨ ਵਿਰੋਧੀ ਖੇਤੀ ਬਿੱਲ ਲਿਆ ਕੇ ਅੰਨਦਾਤਾ ਨਾਲ ਸਿਰੇ ਦਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਬੋਝ ਥੱਲੇ ਕਿਸਾਨ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਦੇਸ਼ ਦੇ ਹੁਕਮਰਾਨ ਵੀ ਕਿਸਾਨਾਂ ਨੂੰ ਤਬਾਹ ਕਰਨ ’ਤੇ ਲੱਗੇ ਹੋਏ ਹਨ। ਊਨ੍ਹਾਂ ਕਿਹਾ ਕਿ ਅਦਾਲਤਾਂ ਤੋਂ ਵੀ ਕਿਸਾਨਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਲਾਗੂ ਕਰਨ ਦਾ ਅਧਿਕਾਰ ਸਿਰਫ਼ ਸੂਬਾ ਸਰਕਾਰ ਨੂੰ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਚਲਾਕੀ, ਗਿਆਨ ਸਿੰਘ ਧੜਾਕ ਤੇ ਸੁਖਦੇਵ ਸਿੰਘ ਬਰੋਲੀ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਵੇਰਕਾ ਨੇ ਦੁੱਧ ਉਤਪਾਦਕਾਂ ਕੋਲੋਂ ਦੁੱਧ ਇਕੱਠਾ ਕਰਨ ਦੇ ਭਾਅ 6 ਰੁਪਏ ਪ੍ਰਤੀ ਲਿਟਰ ਘਟਾ ਦਿੱਤੇ ਸਨ, ਜਦੋਂਕਿ ਕਰੋਨਾ ਮਹਾਮਾਰੀ ਦੌਰਾਨ ਫੀਡ, ਦਵਾਈਆਂ, ਚਾਰੇ ਦੀਆਂ ਕੀਮਤਾਂ ਵਧੀਆਂ ਹਨ। ਦੁੱਧ ਉਤਪਾਦਕਾਂ ਨੂੰ ਪੈ ਰਹੇ ਘਾਟੇ ਕਾਰਨ ਵੱਡੀ ਗਿਣਤੀ ਵਿੱਚ ਡੇਅਰੀ ਫਾਰਮ ਬੰਦ ਹੋ ਗਏ ਹਨ। ਉਨ੍ਹਾਂ ਕਈ ਦੁੱਧ ਫਾਰਮਾਂ ਵੱਲੋਂ ਜ਼ਮੀਨ ਵੇਚ ਕੇ ਕਰਜ਼ੇ ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਉਤਪਾਦਕਾਂ ਵੱਲੋਂ ਪਾਏ ਜਾਂਦੇ ਦੁੱਧ ਦੇ ਭਾਅ ਵਿੱਚ 6 ਰੁਪਏ ਪ੍ਰਤੀ ਲਿਟਰ ਵਾਧਾ ਕੀਤਾ ਜਾਵੇ, ਸਾਲ 2015-16 ਦਾ ਬੋਨਸ ਦਿੱਤਾ ਜਾਵੇ ਅਤੇ ਕਥਿਤ ਘਪਲੇਬਾਜ਼ੀ ਕਰਨ ਵਾਲੇ ਅਫ਼ਸਰਾਂ ਤੋਂ ਵਿਆਜ ਸਣੇ ਰਿਕਵਰੀ ਕੀਤੀ ਜਾਵੇ।
ਇਸ ਮੌਕੇ ਗੁਰਮੇਲ ਸਿੰਘ ਬਾੜਾ, ਦੀਦਾਰ ਸਿੰਘ ਸਤਾਬਗੜ੍ਹ, ਮਲਕੀਤ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ ਦਾਤਾਰਪੁਰ, ਗੁਰਮੀਤ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਹਰਮਨ ਸਿੰਘ, ਅਜੈਬ ਸਿੰਘ, ਦਰਸ਼ਨ ਸਿੰਘ ਮੜੌਲੀ, ਸਰਬਣ ਸਿੰਘ ਨੇ ਸੰਬੋਧਨ ਕੀਤਾ।