ਬਹਾਦਰਜੀਤ ਸਿੰਘ
ਰੂਪਨਗਰ, 24 ਜੂਨ
ਰੂਪਨਗਰ ਪੁਲੀਸ ਨੇ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਕੇ ਧੋਖਾਧੜੀ ਕਰਨ ਵਿੱਚ ਸ਼ਾਮਲ ਬੈਂਕ ਮੈਨੇਜਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਰੂਪਨਗਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਚਮਕੌਰ ਸਾਹਿਬ, ਜੋ ਕਿ ਬੈਂਕ ਆਫ਼ ਇੰਡੀਆ ਮੋਰਿੰਡਾ ਸ਼ਾਖਾ ਦਾ ਮੈਨੇਜਰ ਹੈ ਅਤੇ ਮਨਦੀਪ ਸਿੰਘ ਵਾਸੀ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨਾਲ ਵੱਖ-ਵੱਖ ਬਿਟਕੋਆਇਨ ਅਤੇ ਈ-ਦੀਨਾਰ ਵਰਗੀਆਂ ਨਿਵੇਸ਼ ਐਪਲੀਕੇਸ਼ਨਾਂ ਦੀ ਵਰਤੋਂ ਕਰਿਦਆਂ ਕ੍ਰਿਪਟੋਕਰੰਸੀ’ ਵਿੱਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਦੇ ਸਨ। ਇਸ ਮਾਮਲੇ ਵਿੱਚ ਹੁਣ ਤੱਕ ਮਨਦੀਪ ਸਿੰਘ ਤੋਂ 5.5 ਲੱਖ ਰੁਪਏ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਧੋਖਾਧੜੀ ਉਸ ਸਮੇਂ ਸਾਹਮਣੇ ਆਈ ਜਦੋਂ ਮੋਰਿੰਡਾ ਦੇ ਗੁਰਸੇਵਕ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੈਂਕ ਮੈਨੇਜਰ ਗਗਨਦੀਪ ਨੇ ਮਨਦੀਪ ਸਿੰਘ ਦੀ ਮਦਦ ਨਾਲ, ਜੋ ਕਿ ਸਾਲ 2015 ਤੋਂ ਕ੍ਰਿਪਟੋਕਰੰਸੀ ਦੀ ਵਿਕਰੀ ਅਤੇ ਖਰੀਦ ਦਾ ਸੌਦਾ ਕਰਦਾ ਹੈ, ਧੋਖਾਧੜੀ ਕਰਕੇ ਉਸ ਦੇ ਪਿਤਾ ਅਤੇ ਮਾਂ ਦੇ ਲਿਮਟ ਖਾਤਿਆਂ ਵਿੱਚ ਪੈਸੇ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਲਈ ਤਬਦੀਲ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਨੇ ਕਥਿਤ ਤੌਰ ’ਤੇ ਸ਼ਿਕਾਇਤ ਕਰਤਾ ਦੇ ਲਿਮਟ ਖਾਤੇ ਦਾ ਇਸਤੇਮਾਲ ਕਰਕੇ ਆਪਣੇ ਲਈ ਕਾਰ ਖਰੀਦਣ ਲਈ 8.5 ਲੱਖ ਰੁਪਏ ਦਾ ਡਿਮਾਂਡ ਡਰਾਫਟ ਵੀ ਬਣਵਾਇਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ਾਖਾ ਮੈਨੇਜਰ ਗਗਨਦੀਪ ਸਿੰਘ ਪਾਸੋਂ ਬੈਂਕ ਆਫ ਇੰਡੀਆ ਵਿੱਚ ਆਪਣੇ ਪਿਤਾ ਅਤੇ ਮਾਤਾ ਦੇ ਨਾਮ ’ਤੇ ਲਗਭਗ 65 ਲੱਖ ਰੁਪਏ ਦਾ ਖੇਤੀਬਾੜੀ ਕਰਜ਼ਾ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਗਗਨਦੀਪ ਨੇ ਬੈਂਕ ਆਫ ਦੇ ਸ਼ਾਖਾ ਮੈਨੇਜਰ ਹੋਣ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਧੋਖਾਧੜੀ ਨਾਲ ਆਪਣੇ ਗਾਹਕਾਂ ਦੇ ਖਾਤਿਆਂ ਵਿੱਚੋਂ ਪੈਸੇ ਮਨਦੀਪ, ਬਖਤਾਵਰ ਸਿੰਘ, ਬਾਬਾ ਦੀਪ ਸਿੰਘ ਕਮਿਊਨੀਕੇਸ਼ਨਜ਼ ਤੋਂ ਇਲਾਵਾ ਆਪਣੇ ਭਰਾ ਹਰਕੰਵਲ ਸਿੰਘ ਦੇ ਖਾਤੇ ਵਿੱਚ ਤਬਦੀਲ ਕਰ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਧੋਖਾਧੜੀ ਦੇ ਮੁੱਖ ਮੁਲਜ਼ਮ ਦੀ ਪਛਾਣ ਰਵਿੰਦਰ ਡਾਬਰਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਮੋਰਿੰਡਾ ਵਿਖੇ ਕੇਸ ਦਰਜ ਕੀਤਾ ਹੈ।