ਪੱਤਰ ਪ੍ਰੇਰਕ
ਜ਼ੀਰਕਪੁਰ, 3 ਫਰਵਰੀ
ਇਥੋਂ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਵਧਾਵਾ ਨਗਰ ਵਿੱਚ ਚੋਰ ਬੰਦ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈ ਗਏ। ਪੁਲੀਸ ਨੇ ਮਕਾਨ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਕਾਨ ਮਾਲਕ ਰਮਨ ਸ਼ਰਮਾ ਵਾਸੀ 111/ਬੀ ਵਧਾਵਾ ਨਗਰ ਬਲਟਾਣਾ ਨੇ ਦੱਸਿਆ ਕਿ 26 ਜਨਵਰੀ ਨੂੰ ਘਰ ਨੂੰ ਤਾਲੇ ਲਾ ਕੇ ਰਿਸ਼ਤੇਦਾਰੀ ਵਿੱਚ ਗਏ ਸੀ। 30 ਜਨਵਰੀ ਨੂੰ ਜਦ ਉਹ ਵਾਪਸ ਆਏ ਤਾਂ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 20 ਤੋਂ 22 ਹਜ਼ਾਰ ਰੁਪਏ ਦੀ ਨਕਦੀ ਸਣੇ ਹੋਰ ਕੀਮਤੀ ਸਾਮਾਨ ਗਾਇਬ ਸੀ। ਮਾਮਲੇ ਦੀ ਪੜਤਾਲੀਆ ਅਫਸਰ ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਮੌਕੇ ਦਾ ਦੌਰਾ ਕਰ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟੈਲੀਕਾਮ ਕੰਪਨੀ ਦੇ ਦਫ਼ਤਰ ’ਚੋਂ ਲੱਖਾਂ ਦਾ ਸਾਮਾਨ ਚੋਰੀ
ਕੁਰਾਲੀ (ਪੱਤਰ ਪੇ੍ਰਕ): ਚੋਰਾਂ ਨੇ ਪ੍ਰਾਈਵੇਟ ਟੈਲੀਕਾਮ ਕੰਪਨੀ ਦੇ ਦਫ਼ਤਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਮਸ਼ੀਨਾਂ ਚੋਰੀ ਕਰ ਲਈਆਂ। ਇਸ ਸਬੰਧੀ ਐਸ.ਐਸ. ਕਮਿਊਨੀਕੇਸ਼ਨ ਦੇ ਨੀਰਜ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦਫ਼ਤਰ ਵਿੱਚ ਪਈਆਂ ਦੋ ਆਪਟੀਕਲ ਫਾਈਬਰ ਸਪਲਾਈ ਕਰਨ ਵਾਲੀਆਂ ਮਸ਼ੀਨਾਂ ਚੋਰੀ ਕਰ ਲਈਆਂ, ਜਿਨ੍ਹਾਂ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।