ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਜੂਨ
ਮੁਹਾਲੀ ਪੁਲੀਸ ਦੇ ਸਾਈਬਰ ਸੈੱਲ ਨੇ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਪੁਲੀਸ ਨੇ ਮੁਲਜ਼ਮਾਂ ਕੋਲੋਂ ਠੱਗੀ ਦੇ 14 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਸਾਈਬਰ ਕਰਾਈਮ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਮਨਦੀਪ ਸਿੰਘ ਅਤੇ ਥਾਣਾ ਜ਼ੀਰਕਪੁਰ ਦੇ ਐਸਐਚਓ ਓਂਕਾਰ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਦਵਾਈਆਂ ਮੁਹੱਈਆਂ ਕਰਾਉਣ ਦੇ ਨਾਂ ’ਤੇ ਲੋੜਵੰਦ ਮਰੀਜ਼ਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਰੋਹ ਦੇ ਮੈਂਬਰ ਅਮਿਤ ਕੁਮਾਰ ਵਾਸੀ ਜ਼ੀਰਕਪੁਰ, ਮਨਦੀਪ ਸਿੰਘ ਵਾਸੀ ਕੁਰੂਕਸ਼ੇਤਰ ਅਤੇ ਮਾਸਟਰ ਮਾਈਂਡ ਕੁਲਵਿੰਦਰ ਕੁਮਾਰ ਵਾਸੀ ਕੁਰੂਕਸ਼ੇਤਰਾ ਨੂੰ ਕਾਲ ਡਿਟੇਲ ਅਤੇ ਲੋਕੇਸ਼ਨ ਦਾ ਪਿੱਛਾ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ।
ਐਸਪੀ ਸ੍ਰੀ ਕਲੇਰ ਨੇ ਦੱਸਿਆ ਕਿ ਮੁਲਜ਼ਮ ਲੋੜਵੰਦ ਪੀੜਤ ਲੋਕਾਂ ਨਾਲ ਕਰੋਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਟੀਕੇ ਸਪਲਾਈ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਆਪਣੇ ਬੈਂਕ ਖਾਤਿਆਂ ਵਿੱਚ ਪੁਆ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਟੀਕੇ ਵੀ ਸਪਲਾਈ ਨਹੀਂ ਸੀ ਕਰਦੇ। ਮੁਲਜ਼ਮਾਂ ਦੇ ਲੁੱਟ ਦੇ ਤਰੀਕੇ ਬਾਰੇ ਦੱਸਦਿਆਂ ਐਸਪੀ ਨੇ ਦੱਸਿਆ ਕਿ ਮੁਲਜ਼ਮ ਸੋਸ਼ਲ ਮੀਡੀਆ ’ਤੇ ਆਪਣਾ ਨੈੱਟਵਰਕ ਚਲਾਉਂਦੇ ਸੀ। ਮੁਲਜ਼ਮ ਕੁਲਵਿੰਦਰ ਕੁਮਾਰ ਨੇ ਆਪਣੇ ਮੋਬਾਈਲ ਨੰਬਰ ਦੇ ਵੱਖ-ਵੱਖ ਵੱਟਸਐਪ ਗਰੁੱਪ ਵਿੱਚ ਰੈਮਡੇਸੀਵਰ ਤੇ ਹੋਰ ਟੀਕੇ ਸਪਲਾਈ ਕਰਨ ਸਬੰਧੀ ਇਸ਼ਤਿਹਾਰ ਅਪਲੋਡ ਕੀਤੇ ਜਾਂਦੇ ਸੀ ਜਿਸ ’ਤੇ ਲੋੜਵੰਦ ਲੋਕ ਵੱਟਸਐਪ ’ਤੇ ਸੰਪਰਕ ਕਰਦੇ ਸਨ ਅਤੇ ਮੁਲਜ਼ਮ ਕੁਲਵਿੰਦਰ ਉਨ੍ਹਾਂ ਕੋਲੋਂ ਟੀਕੇ ਸਬੰਧੀ ਅਦਾਇਗੀ ਮੁਲਜ਼ਮ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਪੁਆਉਂਦੇ ਸੀ। ਬੈਂਕ ਖਾਤੇ ਨੂੰ ਮੁਲਜ਼ਮ ਮਨਦੀਪ ਸਿੰਘ ਹੈਂਡਲ ਕਰਦਾ ਸੀ ਅਤੇ ਮੁਲਜ਼ਮ ਬੈਂਕ ਖਾਤਿਆਂ ਵਿੱਚ ਆਏ ਪੈਸਿਆਂ ਨੂੰ ਵੱਖ-ਵੱਖ ਜਗ੍ਹਾ ਤੋਂ ਏਟੀਐਮ ਰਾਹੀਂ ਕਢਵਾਉਂਦੇ ਸੀ ਅਤੇ ਆਪਸ ਵਿੱਚ ਵੰਡ ਲੈਂਦੇ ਸਨ। ਐਸਪੀ ਕਲੇਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਜ਼ੀਰਕਪੁਰ ਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।