ਪੀਪੀ ਵਰਮਾ
ਪੰਚਕੂਲਾ, 3 ਨਵੰਬਰ
ਪੰਚਕੂਲਾ ਦੇ ਪਿੰਡ ਰੱਤੇ ਵਾਲੀ ਵਿੱਚ ਮਾਈਨਿੰਗ ਕਾਰਨ ਪਿੰਡ ਵਾਸੀਆਂ ਅਤੇ ਪੁਲੀਸ ਵਿੱਚ ਹਿੰਸਕ ਝੜਪ ਹੋ ਗਈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਈਆਂ। ਜ਼ਖ਼ਮੀ ਹੋਣ ਵਾਲਿਆਂ ਵਿੱਚ ਹੋਮਗਾਰਡ ਸ਼ਾਮਲ ਹਨ। ਹਿੰਸਕ ਝੜਪਾਂ ਵਿੱਚ 16 ਪੁਲੀਸ ਕਰਮੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 3 ਗੰਭੀਰ ਹਨ। ਘਟਨਾ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪਿੰਡ ਪਹੁੰਚਣਾ ਸ਼ੁਰੂ ਹੋ ਗਏ ਹਨ, ਜਦਕਿ ਜ਼ਿਲ੍ਹਾ ਪੁਲੀਸ ਨੇ ਆਪਣਾ ਸਖਤ ਰੂਪ ਅਪਣਾ ਲਿਆ ਹੈ। ਸਾਰੇ ਪਿੰਡ ਵਿੱਚ ਅੱਜ ਸ਼ਾਮ ਤੱਕ ਤਣਾਅਵਾਲੀ ਸਥਿਤੀ ਹੈ। ਡਿਪਟੀ ਕਮਿਸ਼ਨਰ ਪੁਲੀਸ ਸੈਕਟਰ 6 ਦੇ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮਾਈਨਿੰਗ ਦਾ ਲਾਇਸੈਂਸ ਪੰਚਕੂਲਾ ਦੇ ਪਿੰਡ ਰੱਤੇਵਾਲੀ ਵਿੱਚ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਕੁਝ ਲੋਕ ਮਾਈਨਿੰਗ ਨਾ ਕਰਨ ਦੇਣ ਲਈ ਰਾਹ ਰੋਕ ਕੇ ਧਰਨੇ ’ਤੇ ਬੈਠੇ ਹਨ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀ ਭੇਜ ਕੇ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਝੜਪ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਵੀ ਜ਼ਖਮੀ ਹੋਏ।