ਕੁਲਦੀਪ ਸਿੰਘ
ਚੰਡੀਗੜ੍ਹ, 1 ਸਤੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਕਰਵਾਉਣ ਅਤੇ ਇੱਥੇ ਵਿਦਿਆਰਥੀਆਂ ਲਈ ਅਕਾਦਮਿਕ ਮਾਹੌਲ ਬਹਾਲ ਕਰਵਾਉਣ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੀ ਬੇਵੱਸ ਨਜ਼ਰ ਆ ਰਹੇ ਹਨ। ਇਹ ਬੇਵੱਸੀ ਅੱਜ ਉਸ ਸਮੇਂ ਪ੍ਰਤੱਖ ਨਜ਼ਰ ਆਈ ਜਦੋਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਧਰਨੇ ਵਿੱਚ ਪਹਿਲਾਂ ਆ ਚੁੱਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਵਾਂਗ ਵਿਦਿਆਰਥੀਆਂ ਨਾਲ ਧਰਨੇ ਵਿੱਚ ਅਫ਼ਸੋਸ ਕਰਨ ਤੱਕ ਸੀਮਤ ਹੋ ਕੇ ਰਹਿ ਗਏ। ਜਾਣਕਾਰੀ ਮੁਤਾਬਕ ਅੱਜ ਕੈਬਨਿਟ ਮੰਤਰੀ ਸ੍ਰੀ ਬਾਜਵਾ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਵਿੰਦਰ ਧਾਲੀਵਾਲ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਚੱਲ ਰਹੇ ਧਰਨੇ ਵਿੱਚ ਸਮਰਥਨ ਦੇਣ ਦੇ ਮਕਸਦ ਨਾਲ ਸ਼ਿਰਕਤ ਕੀਤੀ ਗਈ ਅਤੇ ਥੋੜ੍ਹਾ ਸਮਾਂ ਬਿਤਾਉਣ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰ ਕੇ ਉਹ ਵਾਪਸ ਆ ਗਏ। ਵਿਦਿਆਰਥੀਆਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਚਾਹੀਦਾ ਤਾਂ ਇਹ ਸੀ ਕਿ ਕੈਬਨਿਟ ਮੰਤਰੀ ਧਰਨੇ ਵਿੱਚ ਆਉਣ ਤੋਂ ਪਹਿਲਾਂ ਵਾਈਸ ਚਾਂਸਲਰ ਨਾਲ ਮੁਲਾਕਾਤ ਕਰਦੇ ਪਰ ਅਜਿਹਾ ਨਹੀਂ ਹੋਇਆ। ਵਿਦਿਆਰਥੀਆਂ ਦੀ ਮੰਗ ਹੈ ਕਿ ਸਰਕਾਰ ਦਾ ਕੋਈ ਵੀ ਵਿਧਾਇਕ, ਮੰਤਰੀ ਜਾਂ ਸੰਵਿਧਾਨਕ ਤੌਰ ’ਤੇ ਜ਼ਿੰਮੇਵਾਰ ਵਿਅਕਤੀ ਧਰਨੇ ਵਿੱਚ ਸਮਰਥਨ ਦੇਣ ਮੌਕੇ ਵੀਸੀ ਨਾਲ ਗੱਲਬਾਤ ਕਰ ਕੇ ਮਸਲੇ ਨੂੰ ਹੱਲ ਕਰਵਾਉਣ ਲਈ ਯਤਨ ਕਰਨ।
ਵੀਸੀ ਦਾ ਘਿਰਾਓ, ਪ੍ਰਬੰਧਕੀ ਬਲਾਕ ਅੱਗੇ ਧਰਨਾ ਜਾਰੀ
ਵੀਸੀ ਅੱਜ ਜਿਉਂ ਹੀ ਲਾਅ ਆਡੀਟੋਰੀਅਮ ਵਿੱਚ ਚੱਲ ਰਹੀ ਫੈਕਲਟੀ ਦੀਆਂ ਚੋਣ ਪ੍ਰਕਿਰਿਆ ਵਿੱਚ ਵੋਟ ਪਾਉਣ ਲਈ ਆਏ ਤਾਂ ਭਿਣਕ ਪੈਂਦਿਆਂ ਹੀ ਵਿਦਿਆਰਥੀ ਮੌਕੇ ’ਤੇ ਪਹੁੰਚ ਗਏ। ਐਸ.ਐਫ.ਐਸ. ਤੋਂ ਸੰਦੀਪ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਵਾਈਸ ਚਾਂਸਲਰ ਮੌਕੇ ਤੋਂ ਨਿਕਲ ਗਏ। ਵਿਦਿਆਰਥੀਆਂ ਵੱਲੋਂ ਹਰ ਰੋਜ਼ ਦੇ ਸੱਦੇ ਮੁਤਾਬਕ ਅੱਜ ਵੀ ਪ੍ਰਬੰਧਕੀ ਬਲਾਕ ਅੱਗੇ ਬੈਠ ਕੇ ਵੀ ਧਰਨਾ ਦਿੱਤਾ ਗਿਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਅਤੇ ‘ਵਾਈਸ ਚਾਂਸਲਰ ਮੁਰਦਾਬਾਦ’ ਦੇ ਨਾਅਰੇ ਵੀ ਲਾਏ।