ਮੁਕੇਸ਼ ਕੁਮਾਰ/ਹਰਜੀਤ ਸਿੰਘ
ਚੰਡੀਗੜ੍ਹ/ਡੇਰਾਬਸੀ, 5 ਅਕਤੂਬਰ
ਚੰਡੀਗੜ੍ਹ ਤੇ ਡੇਰਾਬਸੀ ਵਿੱਚ ਸ਼ਰਾਰਤੀ ਅਨਸਰਾਂ ਨੇ ਦਸਹਿਰਾ ਸਮਾਗਮ ਤੋਂ ਪਹਿਲਾਂ ਹੀ ਲੰਘੀ ਦੇਰ ਰਾਤ ਰਾਵਣ ਤੇ ਮੇਘਨਾਦ ਦੇ ਪੁਤਲਿਆ ਨੂੰ ਅੱਗ ਲਗਾ ਦਿੱਤੀ। ਚੰਡੀਗੜ੍ਹ ਦੀ ਖਬਰ ਦੇ ਵੇਰਵਿਆਂ ਅਨੁਸਾਰ ਸੈਕਟਰ-46 ਸਥਿਤ ਦਸਹਿਰਾ ਗਰਾਊਂਡ ਵਿੱਚ ਦਸਹਿਰੇ ਦਾ ਤਿਉਹਾਰ ਮਨਾਉਣ ਲਈ ਲਗਾਏ ਗਏ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੌਰਾਨ ਮੇਘਨਾਦ ਦਾ ਪੁਤਲਾ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ’ਤੇ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਮੈਂਬਰ ਦਸਹਿਰਾ ਗਰਾਊਂਡ ਪੁੱਜੇ। ਇਸੇ ਦੌਰਾਨ ਦੋ ਹੋਰਨਾਂ ਪੁਤਲਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਮੇਟੀ ਮੈਂਬਰਾਂ ਨੂੰ ਦੇਖ ਕੇ ਸ਼ਰਾਰਤੀ ਅਨਸਰ ਉਥੋਂ ਫਰਾਰ ਹੋ ਗਏ ਅਤੇ ਰਾਵਣ ਤੇ ਕੁੰਭਕਰਨ ਦੇ ਪੁਤਲੇ ਸੜਨ ਤੋਂ ਬਚ ਗਏ।
ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਦੇਰ ਰਾਤ ਦਸਹਿਰਾ ਮੇਲੇ ਵਾਲੀ ਥਾਂ ’ਤੇ ਤਾਇਨਾਤ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮੇਘਨਾਦ ਦੇ ਪੁਤਲੇ ਨੂੰ ਅੱਗ ਲੱਗ ਗਈ ਹੈ। ਜਦੋਂਂ ਕਮੇਟੀ ਮੈਂਬਰ ਉਥੇ ਪਹੁੰਚੇ ਤਾਂ ਮੇਘਨਾਦ ਦਾ ਪੁਤਲਾ ਸੜ ਚੁੱਕਾ ਸੀ। ਕਰੀਬ ਇਕ ਘੰਟੇ ਬਾਅਦ ਸੜਕ ਤੋਂ ਆਤਿਸ਼ਬਾਜ਼ੀ ਵਾਲਾ ਰਾਕੇਟ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਵੱਲ ਆਇਆ ਪਰ ਸਾਈਡਾਂ ’ਤੇ ਲੱਗੇ ਟੀਨਾਂ ਨਾਲ ਟਕਰਾ ਕੇ ਹੇਠਾਂ ਡਿੱਗ ਗਿਆ। ਇਸ ਘਟਨਾ ਨੂੰ ਦੇਖ ਕੇ ਦਸਹਿਰਾ ਕਮੇਟੀ ਦੇ ਮੈਂਬਰ ਸੜਕ ਵੱਲ ਭੱਜੇ ਤਾਂ ਤਿੰਨ ਜਣੇ ਫਾਰਚੂਨਰ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਕਮੇਟੀ ਮੈਂਬਰਾਂ ਨੇ ਐੱਸਐੱਚਓ ਨੂੰ ਸੂਚਿਤ ਕੀਤਾ ਅਤੇ ਅੱਜ ਸ਼ਾਮ ਨੂੰ ਥਾਣੇ ਵਿੱਚ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਫਾਰਚੂਨਰ ਗੱਡੀ ਦੇ ਨੰਬਰ ਤੋਂ ਬਾਅਦ ਵਾਹਨ ਦੇ ਮਾਲਕ ਅਤੇ ਉਸ ਦਾ ਪਤਾ ਟਰੇਸ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੈਕਟਰ-46 ਵਿੱਚ ਟਰਾਈਸਿਟੀ ਦੇ ਸਭ ਤੋਂ ਉੱਚੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਜਾਂਦੀ ਹੈ। ਇਸ ਵਾਰ ਵੀ ਇੱਥੇ ਲਗਾਇਆ ਗਿਆ ਰਾਵਣ ਦਾ ਪੁਤਲਾ 92 ਫੁੱਟ ਉੱਚਾ ਸੀ। ਮੇਘਨਾਦ ਦੇ ਪੁਤਲੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਉਣ ਤੋਂ ਬਾਅਦ ਦਸਹਿਰਾ ਕਮੇਟੀ ਨੇ ਅੱਜ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਦੇਰ ਸ਼ਾਮ ਅੱਗ ਦੇ ਹਵਾਲੇ ਕਰ ਦਿੱਤਾ।
ਇਸੇ ਤਰ੍ਹਾਂ ਡੇਰਾਬਸੀ ਦੇ ਰਾਮਲੀਲਾ ਮੈਦਾਨ ਵਿੱਚ ਦਸਹਿਰੇ ਤੋਂ ਪਹਿਲਾਂ ਹੀ ਲੰਘੀ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਪੁਤਲੇ ਦੇ ਮੂੰਹ ਸਣੇ ਕਾਫੀ ਹਿੱਸਾ ਸੜ ਗਿਆ। ਰਾਮਲੀਲਾ ਦਸਹਿਰਾ ਮੰਡਲ ਨੇ ਇਸ ਘਟਨਾ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪੁਲੀਸ ’ਤੇ ਸੁਰੱਖਿਆ ਵਿੱਚ ਕਥਿਤ ਲਾਪ੍ਰਵਾਹੀ ਵਰਤਣ ਦਾ ਦੋੋਸ਼ ਲਗਾਇਆ ਤੇ ਰੋਸ ਮੁਜ਼ਾਹਰਾ ਕੀਤਾ।
ਵੇਰਵਿਆਂ ਅਨੁਸਾਰ ਸ੍ਰੀ ਰਾਮਲੀਲਾ ਦਸਹਿਰਾ ਮੰਡਲ ਵੱਲੋਂ ਰਾਮਲੀਲਾ ਮੈਦਾਨ ਵਿੱਚ ਦਸਹਿਰਾ ਮੇਲਾ ਲਾਇਆ ਜਾਂਦਾ ਹੈ। ਇਥੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਉਣ ਦੀ ਰਸਮ ਨਿਭਾਉਣੀ ਸੀ। ਲੰਘੀ ਰਾਤ ਰਾਮਲੀਲਾ ਖ਼ਤਮ ਹੋਣ ਮਗਰੋਂ ਸਾਢੇ ਬਾਰ੍ਹਾਂ ਵਜੇ ਸਾਰੇ ਮੈਂਬਰ ਅਤੇ ਅਹੁਦੇਦਾਰ ਆਪਣੇ ਘਰ ਚਲੇ ਗਏ। ਇਸ ਦੌਰਾਨ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਾ ਦਿੱਤੀ।
ਕਮੇਟੀ ਦੇ ਪ੍ਰਧਾਨ ਗੁਲਸ਼ਨ ਸਚਦੇਵਾ ਨੇ ਕਿਹਾ ਕਿ ਲੰਘੇ ਕਈਂ ਦਿਨਾਂ ਤੋਂ ਪੁਲੀਸ ਤੋਂ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਮਲੀਲਾ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਨਾਰੀਅਲ ਸੁੱਟ ਕੇ ਵਿਘਨ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਥਾਣਾ ਮੁਖੀ ਨੂੰ ਸੁਰੱਖਿਆ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਮੇਟੀ ਦੇ ਅਹੁਦੇਦਾਰਾਂ ਨਾਲ ਹੀ ਕਥਿਤ ਤੌਰ ’ਤੇ ਦੁਰਵਿਹਾਰ ਕੀਤਾ ਜਿਸ ਕਾਰਨ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਬਦੀ ਨੂੰ ਦਰਸਾਉਂਦੇ ਪੁਤਲੇ ਮਿੰਟਾਂ ਵਿੱਚ ਹੋਏ ਸੁਆਹ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸ਼ਹਿਰ ਵਿੱਚ ਅੱਜ ਦਸਹਿਰੇ ਮੌਕੇ ਵੱਖ ਵੱਖ ਸੈਕਟਰਾਂ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਵੇਰਵਿਆਂ ਅਨੁਸਾਰ ਸੈਕਟਰ 46, 49, 43, 17, 27, 28, 29, ਮਨੀਮਾਜਰਾ, ਰਾਮ ਦਰਬਾਰ ਅਤੇ ਡੱਡੂਮਾਜਰਾ ਸਮੇਤ ਹੋਰਨਾਂ ਥਾਵਾਂ ’ਤੇ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਵਾਲੀਆਂ ਥਾਵਾਂ ਨੇੜੇ ਸੜਕਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਸੈਕਟਰ 46 ਵਿੱਚ ਟ੍ਰਾਈਸਿਟੀ ਵਿੱਚ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸ ਪੁਤਲੇ ਦੀ ਉਚਾਈ 92 ਫੁੱਟ ਸੀ। ਰਾਵਣ ਦੇ ਪੁਤਲੇ ਦਾ ਘੁੰਮਦਾ ਹੋਇਆ ਸਿਰ, ਰਾਵਣ ਦੀ ਨਾਭੀ ਵਿੱਚੋਂ ਨਿਕਲੀ ਅੰਮ੍ਰਿਤ ਕੁੰਡ ਦੀ ਧਾਰਾ ਅਤੇ ਅੱਖਾਂ ਵਿੱਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਮੁੱਖ ਮਹਿਮਾਨ ਜਦੋਂ ਕਿ ਸੈਕਟਰ 32 ਕਾਲਜ ਦੇ ਪ੍ਰਿੰਸੀਪਲ ਅਜੈ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਰੋਨਾ ਯੋਧਿਆਂ ਨੂੰ ਚੰਡੀਗੜ੍ਹ ਰਤਨ ਐਵਾਰਡ ਨਾਲ ਸਨਮਾਨਿਆ: ਸਨਾਤਨ ਧਰਮ ਦਸਹਿਰਾ ਕਮੇਟੀ ਨੇ ਕਰੋਨਾ ਮਹਾਮਾਰੀ ਦੌਰਾਨ ਸਮਾਜ ਲਈ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਚੰਡੀਗੜ੍ਹ ਰਤਨ ਐਵਾਰਡ ਨਾਲ ਸਨਮਾਨਿਆ। ਜਿਨ੍ਹਾਂ ਨੂੰ ਐਵਾਰਡ ਦਿੱਤੇ ਗਏ ਉਨ੍ਹਾਂ ਪਤਵੰਤਿਆਂ ਵਿੱਚ ਸੈਕਟਰ 46 ਦੇ ਪੰਡਿਤ ਰਾਹੁਲ, ਸਮਾਜ ਸੇਵਕ ਤੇਜਵੀਰ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ।
ਪੰਚਕੂਲਾ: ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ 70 ਫੁੱਟ ਉੱਚਾ ਰਾਵਣ ਫੁੱਕਿਆ
ਪੰਚਕੂਲਾ (ਪੀ. ਪੀ. ਵਰਮਾ): ਇਥੇ ਸਥਿਤ ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਅੱਜ 70 ਫੁੱਟ ਉੱਚਾ ਰਾਵਣ ਦਾ ਪੁਤਲਾ ਫੂਕਿਆ ਗਿਆ। ਇਸੇ ਤਰ੍ਹਾਂ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਵੀ ਸਾੜੇ ਗਏ ਅਤੇ ਲੋਹਾ ਮਾਰਕੀਟ ਅਤੇ ਸੈਕਟਰ-19 ਦੀ ਮਾਰਕੀਟ ਨੇੜਲੇ ਮੈਦਾਨ ਵਿੱਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 40 ਹਜ਼ਾਰ ਤੋਂ ਵੱਧ ਲੋਕ ਵੱਖ ਵੱਖ ਥਾਵਾਂ ’ਤੇ ਦਸਹਿਰਾ ਮੇਲਾ ਦੇਖਣ ਆਏ। ਸੈਕਟਰ-5 ਦੇ ਗਰਾਊਂਡ ਵਿੱਚ ਪੁਤਲਾ ਫੂਕਣ ਵੇਲੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਅਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ। ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ (ਪੁਲੀਸ) ਸੁਰਿੰਦਰਪਾਲ ਸਿੰਘ ਨੇ 200 ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਸੀ ਅਤੇ ਪਰੇਡ ਗਰਾਊਂਡ ਦੇ ਕੋਲ ਛੇ ਨਾਕੇ ਲਗਾਏ ਗਏ ਸਨ। ਪੁਲੀਸ ਨੇ ਸ਼ਹਿਰ ਵਿੱਚ 12 ਪੀਸੀਆਰ ਟੀਮਾਂ, ਮੋਟਰਸਾਈਕਲ ਰਾਈਡਰ ਪੁਲੀਸ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਦੁਰਗਾ ਸ਼ਕਤੀ ਮਹਿਲਾ ਪੁਲੀਸ ਟੀਮ ਤਾਇਨਾਤ ਕੀਤੀ ਸੀ। ਇਸ ਮੌਕੇ ਸ਼ਹਿਰ ਵਿੱਚ ਰਾਮਲੀਲਾ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਇਹ ਝਾਕੀਆਂ ਆਦਰਸ਼ ਰਾਮਲੀਲਾ ਕਲੱਬ ਵਲੋਂ ਸਜਾਈਆਂ ਗਈਆਂ ਸਨ। ਇਸ ਤੋਂ ਇਲਾਵਾ ਕਾਲਕਾ, ਪਿੰਜੌਰ, ਬਰਵਾਲਾ, ਰਾਏਪੁਰਾਣੀ, ਮੋਰਨੀ ਤੇ ਰਾਮਗੜ੍ਹ ਵਿੱਚ ਵੀ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ।