ਐਸ.ਏ.ਐਸ. ਨਗਰ (ਮੁਹਾਲੀ): ਪੰਜਾਬ ਸਰਕਾਰ ਦੀ ਭੈੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲੀਸ ਵੱਲੋ ਜ਼ਿਲ੍ਹੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਪਰਾਧਾਂ ਦੀ ਰੋਕਥਾਮ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਚੰਗੀ ਸਮਰਥਾ ਰੱਖਣ ਵਾਲੇ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ (ਸਾਈਬਰ ਕ੍ਰਾਈਮ ਅਤੇ ਫੈਨਾਸ਼ੀਅਲ ਕ੍ਰਾਈਮ) ਸੁਖਨਾਜ ਸਿੰਘ ਨੇ ਮੁਹਾਲੀ ਜ਼ਿਲ੍ਹੇ ਵਿੱਚ ਲਗਾਏ ਗਏ ਵੱਖ-ਵੱਖ ਕੈਮਰਿਆਂ ਸਬੰਧੀ ਦੱਸਿਆ ਕਿ ਮੁਹਾਲੀ ਏਅਰਪੋਰਟ ਸੜਕ ਉੱਤੇ ਕੁੱਲ 11 ਸੀਸੀਟੀਵੀ ਕੈਮਰੇ ਲਗਾ ਕੇ ਕਵਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 3 ਕੈਮਰੇ ਏਐੱਨਪੀਆਰ ਅਤੇ 8 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਵਰਲਡ ਟਰੇਡ ਸੈਂਟਰ ਦੇ ਸਹਿਯੋਗ ਨਾਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਨੇੜੇ ਮੁੱਖ ਚੌਕ ਵਿੱਚ ਕੁੱਲ 11 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਨ੍ਹਾਂ ਵਿੱਚ 3 ਕੈਮਰੇ ਏਐੱਨਪੀਆਰ ਅਤੇ 8 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਹੋਮਲੈਂਡ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਹਨ। ਐੱਸਐੱਸਪੀ ਨੇ ਕਿਹਾ ਕਿ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਭਵਿੱਖ ਵਿੱਚ ਮੁਹਾਲੀ ਸ਼ਹਿਰ ਦੇ ਹੋਰ ਮੇਨ ਚੌਕਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਵੀ ਹਾਈ ਰੈਸੂਲੇਸ਼ਨ ਦੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। -ਪੱਤਰ ਪ੍ਰੇਰਕ