ਹਰਜੀਤ ਸਿੰਘ
ਡੇਰਾਬੱਸੀ, 11 ਮਾਰਚ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਸ਼ਹਿਰ ਵਿੱਚ ਵੱਖ-ਵੱਖ ਤਿੰਨ ਕਾਜ਼ਵੇਆਂ ਸਮੇਤ ਵੱਖ-ਵੱਖ ਵਾਰਡਾਂ ਵਿੱਚ ਕਰੀਬ ਪੰਜ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਨਗਰ ਕੌਂਸਲ ਵੱਲੋਂ ਤਿਆਰ ਕੀਤੇ ਮੁਬਾਰਕਪੁਰ ਵਿੱਚ ਬਣੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਅੱਜ ਈਸਾਪੁਰ-ਭਾਂਖਰਪੁਰ ਦਰਮਿਆਨ ਪੈਂਦੇ ਚੋਅ ’ਤੇ ਨਵਾਂ ਕਾਜ਼ ਵੇਅ ਬਣਾਉਣ, ਤਹਿਸੀਲ ਰੋਡ ’ਤੇ ਸਥਿਤ ਕਮੇਟੀ ਸੈਂਟਰ ਦਾ ਨਵੀਨੀਕਰਨ, ਗੁਲਾਬਗੜ੍ਹ ਤੋਂ ਬੇਹੜਾ ਰੋਡ ’ਤੇ ਸਥਿਤ ਚੋਅ ’ਤੇ ਕਾਜ਼ਵੇਅ ਦਾ ਨਿਰਮਾਣ, ਵਾਰਡ ਨੰਬਰ-9 ਵਿਖੇ ਸਥਿਤ ਗਰੀਨ ਵੈਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ-5 ਵਿੱਚ ਚਾਰ ਦੀਵਾਰੀ ਕਰਨ, ਟਰੱਕ ਯੂਨੀਅਨ ਨੇੜੇ ਸਥਿਤ ਕਾਜ਼ਵੇਅ ਬਣਾਉਣ, ਵਾਰਡ ਨੰਬਰ 4 ਵਿੱਚ ਪੈਂਦੀ ਬਾਵਾ ਕਲੋਨੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ ਇੱਕ ਵਿੱਚ ਡੀਐਸਪੀ ਦਫਤਰ ਨੇੜੇ ਸਥਿਤ ਰਿਹਾਇਸ਼ੀ ਖੇਤਰ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ, ਵਾਰਡ ਨੰਬਰ 5 ਤੋਂ ਐਸਟੀਪੀ ਤੱਕ ਆਰਸੀਸੀ ਪਾਈਪ ਪਾਉਣ, ਵਾਰਡ ਨੰਬਰ 12 ਅਤੇ 13 ਤੋਂ ਮੁੱਖ ਸੜਕ ਤੱਕ ਪਾਈਪ ਪਾਉਣ ਅਤੇ ਵਾਲਮੀਕ ਧਰਮਸ਼ਾਲਾ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਲਾਲੜੂ ’ਚ 4.7 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਲਾਲੜੂ (ਸਰਬਜੀਤ ਸਿੰਘ ਭੱਟੀ): ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਲਾਲੜੂ ਵਿੱਚ 4 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਅੱਜ ਵਾਰਡ ਨੰਬਰ-2 ਦੱਪਰ ਵਿੱਚ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ-3 ਚੌਦਹੇੜੀ ਵਿੱਚ ਗਲੀਆਂ ਤੇ ਨਿਕਾਸੀ ਪਾਈਪ ਪਾਉਣ, ਵਾਰਡ ਨੰਬਰ-1 ਵਿੱਚ ਗਲੀ ਬਣਾਉਣ, ਵਾਰਡ ਨੰਬਰ-4 ਗੁਰੂ ਨਾਨਕ ਕਲੋਨੀ ਵਿੱਚ ਗਲੀਆਂ ਬਣਾਉਣ, ਧਰਮਗੜ੍ਹ ਮੁੱਖ ਰੋਡ ਮਾਰਗ ਪੱਕਾ ਕਰਨ ਆਦਿ ਕੰਮ ਦੀ ਸ਼ੁਰੂਆਤ ਕਰਵਾਈ।