ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 4 ਅਗਸਤ
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਦੌਰਾ ਕਰਕੇ ਦੁੱਧ ਨਾਲ ਬਣਨ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦਾ ਨਿਰੀਖਣ ਕੀਤਾ। ਮਿਲਕ ਪਲਾਂਟ ਦੇ ਜਨਰਲ ਮੈਨੇਜਰ ਰਾਜ ਕੁਮਾਰ ਪਾਲ ਅਤੇ ਮੈਨੇਜਰ ਮਨੋਜ ਸ੍ਰੀਵਾਸਤਵ ਨੇ ਵਿਧਾਇਕ ਨੂੰ ਮਿਲਕ ਪਲਾਂਟ ਦੀ ਪੂਰੀ ਵਰਕਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਰੋਜ਼ਾਨਾ 8 ਲੱਖ ਲੀਟਰ ਦੁੱਧ ਪ੍ਰੋਸੈੱਸ ਕਰਨ ਦੀ ਸਮਰੱਥਾ ਹੈ ਅਤੇ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਕੁਲਵੰਤ ਸਿੰਘ ਨੇ ਪਲਾਂਟ ਵਿੱਚ ਆਏ ਦੁੱਧ ਦੀ ਗੁਣਵੱਤਾ ਚੈੱਕ ਕਰਨ ਸਮੇਤ ਦੁੱਧ, ਦਹੀ, ਪਨੀਰ, ਲੱਸੀ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਦੇਖਿਆ। ਇਸ ਮੌਕੇ ਅਧਿਕਾਰੀਆਂ ਨੇ ਵੇਰਕਾ ਪਲਾਂਟ ਵਿੱਚ ਦਰਪੇਸ਼ ਸਮੱਸਿਆਵਾਂ ਵੀ ਵਿਧਾਇਕ ਕੁਲਵੰਤ ਸਿੰਘ ਅੱਗੇ ਰੱਖੀਆਂ। ਉਨ੍ਹਾਂ ਦੱਸਿਆ ਕਿ ਪਲਾਂਟ ਵਿੱਚ ਪੱਕੇ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਅਤੇ ਲੰਮੇ ਸਮੇਂ ਤੋਂ 580 ਪੱਕੀਆਂ ਅਸਾਮੀਆਂ ਦੀ ਪ੍ਰਵਾਨਗੀ ਲਈ ਸਰਕਾਰ ਤੋਂ ਉਡੀਕ ਕੀਤੀ ਜਾ ਰਹੀ ਹੈ। ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਨਾਲ ਗੱਲ ਕਰਕੇ ਪਲਾਂਟ ਵਿਚ ਮੁਲਾਜ਼ਮਾਂ ਦੀ ਪੱਕੀ ਭਰਤੀ ਅਤੇ ਦੁੱਧ ਉਤਪਾਦਕਾਂ ਦੇ ਬਕਾਇਆਂ ਪੈਸਿਆਂ ਦਾ ਮਸਲਾ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਮੈਨੇਜਰ (ਪ੍ਰੋਡਕਸ਼ਨ) ਸੰਜੇ ਚੋਪੜਾ, ਮੈਨੇਜਰ (ਪ੍ਰੋਕਿਊਰਮੈਂਟ) ਐਮਕੇ ਸ੍ਰੀਵਾਸਤਵ, ਮੈਨੇਜਰ (ਇੰਜਨੀਅਰਿੰਗ) ਅਮਿਤ ਸ਼ਰਮਾ, ਮੈਨੇਜਰ ਇੰਦਰਜੀਤ ਸਿੰਘ, ਕੁਲਵੰਤ ਸਿੰਘ ਪ੍ਰਧਾਨ ਵਰਕਰ ਯੂਨੀਅਨ ਮਿਲਕ ਪਲਾਂਟ ਆਦਿ ਹਾਜ਼ਰ ਸਨ।