ਪੱਤਰ ਪੇ੍ਰਕ
ਐਸ.ਏ.ਐਸ. ਨਗਰ (ਮੁਹਾਲੀ), 2 ਫਰਵਰੀ
ਮੁਹਾਲੀ ਜ਼ਿਲ੍ਹੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਮੰਗਲਵਾਰ ਨੂੰ ਤੀਜੇ ਦਿਨ 652 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਬੰਧੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 652 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮੁਹਾਲੀ ਨਗਰ ਨਿਗਮ ਚੋਣਾਂ ਲਈ ਮੁਹਾਲੀ ਵਿੱਚ 178 ਉਮੀਦਵਾਰਾਂ ਨੇ ਪੇਪਰ ਦਾਖ਼ਲ ਕੀਤੇ ਹਨ ਜਦੋਂਕਿ ਨਵਾਂ ਗਾਉਂ ਵਿੱਚ 73, ਬਨੂੜ ਵਿੱਚ 24, ਕੁਰਾਲੀ ਵਿੱਚ 48, ਡੇਰਾਬੱਸੀ ਵਿੱਚ 59, ਜ਼ੀਰਕਪੁਰ ਵਿੱਚ 90, ਲਾਲੜੂ ਵਿੱਚ 70 ਅਤੇ ਖਰੜ ਵਿੱਚ 110 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ‘ਨੋ ਡਿਊ ਸਰਟੀਫਿਕੇਟ’ (ਐਨਓਸੀ) ਜਮ੍ਹਾਂ ਕਰਨੇ ਜ਼ਰੂਰੀ ਨਹੀਂ ਹਨ।
ਐਸ.ਏ.ਐਸ.ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਨਗਰ ਨਿਗਮ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਮੁੱਚੇ ਪੰਜਾਹ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਾਖ਼ਲ ਕੀਤੀਆਂ। ਇਸ ਮੌਕੇ ਸਮੁੱਚੇ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਕੰਪਲੈਕਸ ਵਿਖੇ ਪਹੁੰਚ ਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਉਨ੍ਹਾਂ ਦਾ ਚੋਣ ਲੜ ਰਿਹਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਪੁੱਤਰ ਕੰਵਰਬੀਰ ਸਿੰਘ ਸਿੱਧੂ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬੂਟਾ ਸਿੰਘ ਸੋਹਾਣਾ, ਰਿਸ਼ਵ ਜੈਨ, ਕੁਲਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ ਗਿੱਲ, ਬਲਜੀਤ ਕੌਰ ਆਦਿ ਵੀ ਮੌਜੂਦ ਸਨ। ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਸ਼ਹਿਰ ਵਿੱਚ ਵਿਕਾਸ ਦੇ ਨਾਮ ਉੱਤੇ ਚੋਣਾਂ ਲੜੇਗੀ ਅਤੇ ਹੂੰਝਾ ਫੇਰ ਜਿੱਤ ਦਰਜ ਕਰੇਗੀ।
ਜ਼ੀਰਕਪੁਰ ਡੇਰਾਬੱਸੀ (ਹਰਜੀਤ ਸਿੰਘ): ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਤੀਜੇ ਦਿਨ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ 149 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਡੇਰਾਬੱਸੀ ਵਿੱਚ ਕਾਂਗਰਸ ਪਾਰਟੀ ਦੇ 19 ਵਿੱਚੋਂ 18 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜ਼ੀਰਕਪੁਰ ਵਿੱਚ ਅਕਾਲੀ ਦਲ ਦੇ ਸਾਰੇ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਅਤੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਅੱਜ ਤੀਜੇ ਦਿਨ 59 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ 18 ਉਮੀਦਵਾਰ ਅਤੇ 18 ਉਨ੍ਹਾਂ ਦੇ ਕਵਰਿੰਗ ਉਮੀਦਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਜ਼ਾਦ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਲ ਹਨ। ਇਸੇ ਤਰਾਂ ਜ਼ੀਰਕਪੁਰ ਦੇ ਰਿਟਰਨਿੰਗ ਅਫਸਰ ਪਵਿੱਤਰ ਸਿੰਘ ਨੇ ਕਿਹਾ ਕਿ ਅੱਜ 90 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਦੇ 31 ਅਤੇ 31 ਉਨ੍ਹਾਂ ਨੇ ਕਵਰਿੰਗ ਉਮੀਦਵਾਰ ਸ਼ਾਮਲ ਹਨ।
ਬਨੂੜ (ਪੱਤਰ ਪੇ੍ਰਕ): ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਲਈ ਕਾਂਗਰਸ ਦੇ ਸਮੁੱਚੇ ਉਮੀਦਵਾਰਾਂ ਨੇ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਫ਼ਾਰਮ ਰਿਟਰਨਿੰਗ ਅਫ਼ਸਰ ਸੁਰਿੰਦਰ ਕੁਮਾਰ ਗਰਗ ਕੋਲ ਦਾਖਲ ਕਰਾਏ। ਸ੍ਰੀ ਕੰਬੋਜ ਨੇ ਇਸ ਮੌਕੇ ਕਾਂਗਰਸੀ ਉਮੀਦਵਾਰਾਂ ਨੂੰ ਪ੍ਰਚਾਰ ਤੇਜ਼ ਕਰਨ ਲਈ ਆਖਿਆ। ਜਿਨ੍ਹਾਂ ਕਾਂਗਰਸੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਫ਼ਾਰਮ ਭਰੇ ਉਨ੍ਹਾਂ ਵਿੱਚ ਵਾਰਡ ਨੰਬਰ ਇੱਕ ਤੋਂ ਬਲਵਿੰਦਰ ਕੌਰ, ਦੋ ਤੋਂ ਅਵਤਾਰ ਸਿੰਘ, ਤਿੰਨ ਤੋਂ ਪਰਮਜੀਤ ਕੌਰ, ਚਾਰ ਤੋਂ ਬਲਜੀਤ ਸਿੰਘ, ਪੰਜ ਤੋਂ ਆਸ਼ਾ ਰਾਣੀ, ਛੇ ਤੋਂ ਜਗਦੀਸ਼ ਚੰਦ, ਸੱਤ ਤੋਂ ਪ੍ਰੀਤੀ ਵਾਲੀਆ, ਅੱਠ ਤੋਂ ਸੁਰਿੰਦਰ ਸਿੰਘ, ਨੌਂ ਤੋਂ ਜਤਿੰਦਰ ਕੁਮਾਰ, ਦਸ ਤੋਂ ਹਰਵਿੰਦਰ ਕੌਰ, ਗਿਆਰਾਂ ਤੋਂ ਭਜਨ ਲਾਲ, ਬਾਰਾਂ ਤੋਂ ਜਗਤਾਰ ਸਿੰਘ, ਤੇਰਾਂ ਤੋਂ ਸਤਪਾਲ ਕੌਰ ਸ਼ਾਮਿਲ ਹਨ।
ਖਰੜ: 110 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ
ਖਰੜ (ਸ਼ਸ਼ੀਪਾਲ ਜੈਨ): ਨਗਰ ਕੌਸਲ ਦੀਆਂ ਚੋਣਾ ਲਈ ਅੱਜ ਕੁੱਲ 110 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ਾਤ ਦਾਖਲ ਕੀਤੇ ਗਏ। ਖਰੜ ਦੇ ਐਸ.ਡੀ.ਐਮ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਅੱਜ 110 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ਾਤ ਦਾਖਲ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਹੁਣ ਤੱਕ ਕੁੱਲ 143 ਉਮੀਦਵਾਰ ਆਪਣੇ ਕਾਗਜ਼ਾਤ ਦਾਖਲ ਕਰ ਚੁੱਕੇ ਹਨ। ਇੱਕ ਅੰਦਾਜ਼ੇ ਅਨੁਸਾਰ ਇਸ ਵਾਰੀ ਲਗਦਾ ਹੈ ਕਿ 250 ਤੋਂ ਵੱਧ ਕੁੱਲ ਉਮੀਦਵਾਰ ਆਪਣੇ ਕਾਗਜ਼ਾਤ ਦਾਖਲ ਕਰਨਗੇ।