ਹਰਜੀਤ ਸਿੰਘ
ਜ਼ੀਰਕਪੁਰ, 20 ਜਨਵਰੀ
ਪੁਲੀਸ ਨੇ ਲੰਘੇ ਦਿਨੀਂ ਬਲਟਾਣਾ ਖੇਤਰ ਵਿੱਚ ਇੱਕ ਮੋਬਾਈਲ ਦੀ ਦੁਕਾਨ ’ਚ ਹੋਈ ਚੋਰੀ ਦੀ ਘਟਨਾ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਤੀਜਾ ਫ਼ਰਾਰ ਹੈ। ਡੀ.ਐੱਸ.ਪੀ. ਜ਼ੀਰਕਪੁਰ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਚੋਰਾਂ ਨੇ ਬੀਤੀ 28-29 ਦਸੰਬਰ ਦੀ ਦਰਮਿਆਨੀ ਰਾਤ ਨੂੰ ਬਲਟਾਣਾ ਮੇਨ ਬਾਜ਼ਾਰ ਵਿੱਚ ਸਥਿਤ ਗੋਇਲ ਮੋਬਾਈਲ ਸ਼ਾਪ ਵਿੱਚੋਂ ਮੋਬਾਈਲ, ਵਾਸ਼ਿੰਗ ਮਸ਼ੀਨ, ਇੱਕ ਲੈਪਟਾਪ, ਇੱਕ ਐੱਲਈਡੀ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਬਲਟਾਣਾ ਚੌਂਕੀ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮਾਮਲੇ ਦੀ ਪਤੜਾਲ ਕਰਦਿਆਂ ਸੋਨੂੰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਢਕੋਲੀ ਅਤੇ ਨੀਰਜ ਉਰਫ਼ ਕਾਕੂ ਵਾਸੀ ਪਿੰਡ ਕਿਸ਼ਨਗੜ੍ਹ, ਚੰਡੀਗੜ੍ਹ ਨੂੰ ਜ਼ਿਲ੍ਹਾ ਸੁਲਤਾਨਪੁਰ (ਯੂਪੀ) ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੇ 63 ਮੋਬਾਈਲ, ਐੱਲਈਡੀ, ਵਾਸ਼ਿੰਗ ਮਸ਼ੀਨ, ਇੱਕ ਲੈਪਟਾਪ ਅਤੇ ਡੇਢ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਬਰਾਮਦ ਸਾਮਾਨ ਦੀ ਕੀਮਤ ਸਾਢੇ 18 ਲੱਖ ਅਤੇ ਡੇਢ ਲੱਖ ਰੁਪਏ ਨਕਦੀ ਮਿਲਾ ਕੇ ਕੁੱਲ 20 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।