ਪੱਤਰ ਪ੍ਰੇਰਕ
ਚੰਡੀਗੜ੍ਹ, 11 ਫਰਵਰੀ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਜਨ ਜਾਗਰੂਕਤਾ ਮੁਹਿੰਮ ਤਹਿਤ ਅੱਜ ਖੁੱਡਾ ਲਾਹੌਰਾ, ਖੁੱਡਾ ਜੱਸੂ, ਸਾਰੰਗਪੁਰ ਅਤੇ ਕਾਲੋਨੀ ਨੰਬਰ-1 ਤੇ 2 ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਜਨਰਲ ਮੀਟਿੰਗ ਖੁੱਡਾ ਲਾਹੌਰਾ ਦੇ ਗੁਰਦੁਆਰੇ ਵਿਚ ਹੋਈ। ਯੂਨੀਅਨ ਆਗੂ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਵਿੱਚ ਪਿੰਡਾਂ ਦੇ ਵਾਸੀਆਂ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਾਬਕਾ ਸਰਪੰਚਾਂ ਤੇ ਪੰਚਾਂ, ਗੁਰਦੁਆਰਾ ਕਮੇਟੀਆਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਕਿਸਾਨ ਏਕਤਾ ਚੰਡੀਗੜ੍ਹ ਅਤੇ ਇਲਾਕਾ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਨਿੱਜੀਕਰਨ ਦਾ ਸਖ਼ਤ ਵਿਰੋਧ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਵਿਭਾਗ ਦਾ ਨਿੱਜੀਕਰਨ ਕਰਕੇ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਬਿਜਲੀ ਦਾ ਭਾਅ ਕਈ ਗੁਣਾ ਵਧ ਜਾਵੇਗਾ।
ਯੂਨੀਅਨ ਪ੍ਰਧਾਨ ਧਿਆਨ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ 22 ਫ਼ਰਵਰੀ 2022 ਤੋਂ ਬਿਜਲੀ ਕਾਮਿਆਂ ਦੀ 72 ਘੰਟੇ ਦੀ ਹੜਤਾਲ ਦੀ ਹਮਾਇਤ ਕਰਦਿਆਂ ਸਮੂਹ ਜਨਤਕ ਜਥੇਬੰਦੀਆਂ ਨੂੰ 15 ਫ਼ਰਵਰੀ ਨੂੰ ਸ਼ਿਵਾਲਿਕ ਹੋਟਲ ਦੇ ਨਾਲ ਲੱਗਦੀ ਗਰਾਊਂਡ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।