ਮੁਕੇਸ਼ ਕੁਮਾਰ
ਚੰਡੀਗੜ੍ਹ, 22 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੇ ਮੈਡੀਕਲ ਅਫ਼ਸਰ ਸਿਹਤ (ਐੱਮਓਐੱਚ) ਡਾਕਟਰ ਅੰਮ੍ਰਿਤਪਾਲ ਸਿੰਘ ਵੜਿੰਗ ਨੂੰ ਚੰਡੀਗੜ੍ਹ ਪ੍ਰਸ਼ਾਸਕ ਨੇ ਉਨ੍ਹਾਂ ਦਾ ਚੰਡੀਗੜ੍ਹ ਨਗਰ ਨਿਗਮ ਵਿੱਚ ਬਤੌਰ ਡੈਪੂਟੇਸ਼ਨ ’ਤੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਨਗਰ ਨਿਗਮ ਤੋਂ ਸਮਾਪਤ ਕਰ ਦਿੱਤੀਆਂ ਹਨ। ਡਾ. ਵੜਿੰਗ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਪੰਜਾਬ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਡਾ. ਵੜਿੰਗ ’ਤੇ ਭਵਿੱਖ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਕਿਸੇ ਵੀ ਅਹੁਦੇ ’ਤੇ ਰਹਿਣ ਤੋਂ ਵੀ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਬਾਰੇ ਪਹਿਲਾਂ ਹੀ ਡਾ. ਵੜਿੰਗ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ ਤੇ ਹੁਣ ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਵੱਛ ਸਰਵੇਖਣ ਵਿੱਚ ਚੰਡੀਗੜ੍ਹ ਸ਼ਹਿਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸ ਸਰਵੇਖਣ ਵਿੱਚ ਚੰਡੀਗੜ੍ਹ 16ਵੇਂ ਤੋਂ ਪੱਛੜ ਕੇ 66ਵੇਂ ਨੰਬਰ ’ਤੇ ਆ ਗਿਆ ਹੈ। ਇਸ ਦੇ ਨਾਲ ਹੀ ਦਸ ਲੱਖ ਵਸੋਂ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਵੀ ਚੰਡੀਗੜ੍ਹ 8ਵੇਂ ਤੋਂ 16ਵੇਂ ਨੰਬਰ ’ਤੇ ਆ ਗਿਆ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਸਬੰਧੀ ਇੱਕ ਮਹੱਤਵਪੂਰਨ ਕੰਮ ਦੇ ਟੈਂਡਰ ਵਿੱਚ ਕੀਤੀ ਕੁਤਾਹੀ ਕਾਰਨ ਡਾ. ਵੜਿੰਗ ਨੂੰ ਵਾਪਸ ਪਿਤਰੀ ਸੂਬੇ ਭੇਜਣ ਦੀ ਸਿਫ਼ਾਰਿਸ਼ ਕੀਤੀ ਸੀ। ਜਾਣਕਾਰੀ ਅਨੁਸਾਰ ਇਸ ਕਥਿਤ ਕੁਤਾਹੀ ਕਾਰਨ ਨਗਰ ਨਿਗਮ ਨੂੰ ਸਫ਼ਾਈ ਵਿਵਸਥਾ ਦੇਖ ਰਹੀ ਮੌਜੂਦਾ ਕੰਪਨੀ 4 16.50 ਕਰੋੜ ਰੁਪਏ ਦਾ ਵੱਧ ਭੁਗਤਾਨ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਿਗਮ ਦੇ 96 ਵਾਹਨਾਂ ਲਈ ਡਰਾਈਵਰਾਂ ਦੀ ਆਊਟਸੋਰਸਿੰਗ ਰਾਹੀਂ ਭਰਤੀ ਦੇ ਟੈਂਡਰ ਸਬੰਧੀ ਡਾ. ਵੜਿੰਗ ਵਿਰੁੱਧ ਜੁਰਮਾਨੇ ਲਈ ਇੱਕ ਚਾਰਜਸ਼ੀਟ ਜਾਰੀ ਕੀਤੀ ਗਈ ਸੀ। ਇਸ ਕੁਤਾਹੀ ਕਾਰਨ ਅੱਜ ਵੀ ਇਹ ਵਾਹਨ ਘਰਾਂ ਤੋਂ ਕੂੜਾ ਇਕੱਠਾ ਕਰਨ ਦਾ ਕੰਮ ਨਹੀਂ ਆਰੰਭ ਸਕੇ ਹਨ। ਦੂਜੇ ਪਾਸੇ ਯੂਟੀ ਪ੍ਰਸ਼ਾਸਨ ਵੱਲੋਂ ਵੀ ਸਵੱਛਤਾ ਰੈਂਕਿੰਗ ’ਚ ਪੱਛੜਨ ਬਾਰੇ ਘੋਖ ਕੀਤੀ ਜਾ ਰਹੀ ਹੈ, ਜਿਸ ਸਬੰਧੀ ਪ੍ਰਸ਼ਾਸਨ ਵੱਲੋਂ 24 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸਵੱਛਤਾ ਰੈਂਕਿੰਗ ’ਚ ਪੱਛੜਨ ਲਈ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।