ਕਰਮਜੀਤ ਸਿੰਘ ਚਿੱਲਾ
ਬਨੂੜ, 13 ਜਨਵਰੀ
ਇੱਥੋਂ ਲਾਂਡਰਾਂ ਨੂੰ ਜਾਂਦੇ ਪਿੰਡ ਤੰਗੌਰੀ ਦੀ ਮ੍ਰਿਤਕ ਮਹਿਲਾ ਕਰਨੈਲ ਕੌਰ ਦੀ ਲਾਸ਼ ਨੂੰ ਚਾਰ ਵਿਅਕਤੀਆਂ ਦੇ ਮੋਢਿਆਂ ਉੱਤੇ ਜਾਣਾ ਨਸੀਬ ਨਹੀਂ ਹੋਇਆ। ਪਿੰਡ ਦੀ ਫਿਰਨੀ ਤੋਂ ਅੱਧੇ ਕਿਲੋਮੀਟਰ ਦੇ ਕਰੀਬ ਦੂਰੀ ਉੱਤੇ ਬਣੇ ਹੋਏ ਵਾਲਮੀਕ ਭਾਈਚਾਰੇ ਦੇ ਸ਼ਮਸ਼ਾਨਘਾਟ ਤੱਕ ਮਹਿਲਾ ਦੀ ਮ੍ਰਿਤਕ ਦੇਹ ਪਹੁੰਚਾਉਣ ਲਈ ਪਰਿਵਾਰ ਅਤੇ ਸਬੰਧੀਆਂ ਨੂੰ ਟਰੈਕਟਰ-ਟਰਾਲੀ ਦਾ ਸਹਾਰਾ ਲੈਣਾ ਪਿਆ। ਮ੍ਰਿਤਕ ਦੇ ਸਸਕਾਰ ਲਈ ਜਾਣ ਵਾਲਿਆਂ ਨੂੰ ਵੀ ਰਸਤੇ ਵਿੱਚ ਹੋਏ ਚਿੱਕੜ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪਿਆ।
ਤੰਗੌਰੀ ਦੇ ਵਾਰਡ ਨੰਬਰ ਚਾਰ ਦੇ ਵਸਨੀਕਾਂ ਜਸਵਿੰਦਰ ਸਿੰਘ, ਮੇਜਰ ਸਿੰਘ, ਤਰਸੇਮ ਸਿੰਘ, ਕਾਕਾ ਸਿੰਘ ਤੇ ਦੇਵ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਕੱਚਾ ਰਸਤਾ ਹੈ ਤੇ ਇਸ ਵਿੱਚ ਦੋ-ਦੋ ਫੁੱਟ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਕਈ-ਕਈ ਦਿਨ ਇਹ ਰਾਹ ਲੋਕਾਂ ਦੇ ਲੰਘਣ ਜੋਗਾ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਅੱਜ ਮੁਹੱਲੇ ਦੀ ਉਪਰੋਕਤ ਮਹਿਲਾ ਦੀ ਮੌਤ ਮਗਰੋਂ ਸਸਕਾਰ ਲਈ ਪਰਿਵਾਰ ਨੂੰ ਭਾਰੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਮਹਿਲਾ ਦੇ ਮ੍ਰਿਤਕ ਸਰੀਰ ਨੂੰ ਪਰਿਵਾਰ ਦੇ ਮੈਂਬਰ ਆਪਣਾ ਮੋਢਾ ਵੀ ਨਹੀਂ ਦੇ ਸਕੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਭਾਈਚਾਰੇ ਦੇ ਸ਼ਮਸ਼ਾਨਘਾਟ ਦੀ ਤਰਸਯੋਗ ਹਾਲਤ ਸਬੰਧੀ ਉਹ ਪਿੰਡ ਦੀ ਪੰਚਾਇਤ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਨੂੰ ਜਾਣੂ ਕਰਾ ਕੇ ਇਹ ਰਾਹ ਪੱਕਾ ਕਰਾਉਣ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਮਸ਼ਾਨਘਾਟ ਦਾ ਕੱਚਾ ਰਸਤਾ ਤੁਰੰਤ ਪੱਕਾ ਕਰਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।