ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ)
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਰਾਤ ਦਾ ਕਰਫ਼ਿਊ ਜਾਂ ਐਤਵਾਰ ਦਾ ਕਰਫ਼ਿਊ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕੁਝ ਪਾਬੰਦੀਆਂ ਨੂੰ ਛੱਡ ਕੇ ਬਾਕੀ ਹੋਰ ਸਾਰੀਆਂ ਪਾਬੰਦੀਆਂ ਵਾਪਸ ਲੈ ਲਈਆਂ ਹਨ। ਕਿਸੇ ਵੀ ਇਕੱਠ ਦੌਰਾਨ ਲੋਕਾਂ ਦੀ ਗਿਣਤੀ ਇਨਡੋਰ ਲਈ 100 ਤੇ ਆਊਟਡੋਰ ਲਈ 200 ਹੋਣੀ ਚਾਹੀਦੀ ਹੈ। ਅਗਲੇ ਹੁਕਮਾਂ ਤੱਕ ਸਾਰੇ ਸਕੂਲ ਬੰਦ ਰਹਿਣਗੇ। ਕਾਲਜ, ਕੋਚਿੰਗ ਸੈਂਟਰ ਤੇ ਉੱਚ ਸਿਖਲਾਈ ਵਾਲੇ ਸਾਰੇ ਹੋਰ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਬਸ਼ਰਤੇ ਅਦਾਰਾ ਖੋਲ੍ਹਣ ਤੋਂ ਘੱਟੋ ਘੱਟ 2 ਹਫ਼ਤੇ ਪਹਿਲਾਂ ਸਾਰੇ ਅਧਿਆਪਕ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਘੱਟੋ ਘੱਟ ਇਕ ਖ਼ੁਰਾਕ ਦੇਣ ਸਬੰਧੀ ਪ੍ਰਮਾਣ ਪੱਤਰ ਜਮ੍ਹਾ ਕਰਵਾਇਆ ਹੋਵੇ। ਇਹ ਸਰਟੀਫਿਕੇਟ ਡੀਸੀ ਦਫ਼ਤਰ ਸਮੇਤ ਸਬੰਧਤ ਐਸਡੀਐਮ ਅਤੇ ਏਡੀਸੀ ਦਫ਼ਤਰ ਵਿੱਚ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਬਾਰ, ਸਿਨੇਮਾ-ਹਾਲ, ਰੈਸਟੋਰੈਂਟ, ਸਪਾ, ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਅਜਾਇਬਘਰ, ਚਿੜੀਆਘਰ, ਆਦਿ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ ਬਸ਼ਰਤੇ ਸਟਾਫ਼ ਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਦਰਸ਼ਕਾਂ ਨੇ ਟੀਕਾਕਰਨ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਲਈ ਹੋਵੇ। ਇਸ ਤੋਂ ਇਲਾਵਾ ਤੈਰਾਕੀ, ਖੇਡਾਂ ਤੇ ਜਿੰਮ ਸਹੂਲਤਾਂ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਟੀਕੇ ਦੀ ਘੱਟੋ ਘੱਟ ਇਕ ਖ਼ੁਰਾਕ ਲਈ ਜ਼ਰੂਰੀ ਹੋਵੇਗੀ। ਉਪਰੋਕਤ ਹੁਕਮਾਂ ਦੀ ਇੰਨਬਿੰਨ ਪਾਲਣਾ ਨੂੰ ਯਕੀਨੀ ਬਣਾਉਣਾ ਪ੍ਰਬੰਧਨ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਹੁਕਮ ਮੌਜੂਦਾ ਸਮੇਂ ਕਾਰਜਸ਼ੀਲ ਕੰਟੇਨਮੈਂਟ ਜ਼ੋਨਾਂ ’ਤੇ ਲਾਗੂ ਨਹੀਂ ਹੋਣਗੇ। ਜਿੱਥੇ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਿਅਕਤੀਆਂ ਦੀ ਆਵਾਜਾਈ ’ਤੇ ਪਾਬੰਦੀ ਹੋਵੇਗੀ। ਕੋਈ ਵੀ ਉਲੰਘਣਾ ਕਰਨ ’ਤੇ ਆਫ਼ਤ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ ਨਿਯਮ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।