ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਦਸੰਬਰ
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਇਨ-ਲਾਈਨ ਬੈਗੇਜ ਸਕਰੀਨਿੰਗ ਪ੍ਰਣਾਲੀ ਨਾਲ ਅਪਗਰੇਡ ਕੀਤਾ ਗਿਆ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਇੱਥੇ ਇਸ ਨਵੇਂ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨਾਲ ਸਾਮਾਨ ਦੀ ਸਕਰੀਨਿੰਗ ’ਚ ਆਮ ਨਾਲੋਂ ਅੱਧਾ ਸਮਾਂ ਲੱਗੇਗਾ। ਸਿਸਟਮ ਦੀ ਸਕਰੀਨਿੰਗ ਸਮਰਥਾ 1500 ਬੈਗ ਪ੍ਰਤੀ ਘੰਟਾ ਹੈ। ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ ਯਾਤਰੀਆਂ ਨੂੰ ਸਾਮਾਨ ਦੀ ਜਾਂਚ ਲਈ ਕਤਾਰ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਸ ਪ੍ਰਣਾਲੀ ਨਾਲ ਚੈੱਕ-ਇਨ ਕਰਨ ਵਿੱਚ ਮੁਸ਼ਕਲ ਨਹੀਂ ਆਵੇਗੀ ਅਤੇ ਪ੍ਰਤੀ ਯਾਤਰੀ ਦੇ ਔਸਤਨ 5 ਤੋਂ 10 ਮਿੰਟਾਂ ਦੀ ਬਚਤ ਹੋਵੇਗੀ। ਇਹ ਪ੍ਰਾਜੈਕਟ 15.8 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਸ੍ਰੀਮਤੀ ਮਹਾਜਨ ਨੇ ਹਵਾਈ ਅੱਡੇ ਦੀਆਂ ਹੋਰਨਾਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਹਵਾਈ ਅੱਡੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਅਧਿਕਾਰੀਆਂ ਨਾਲ ਚਰਚਾ ਕੀਤੀ।
ਉਦਘਾਟਨੀ ਸਮਾਰੋਹ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਅਰ ਕਮਾਂਡਰ ਤੇਜਬੀਰ ਸਿੰਘ, ਏ.ਏ.ਆਈ. ਉੱਤਰੀ ਭਾਰਤ ਦੇ ਖੇਤਰੀ ਕਾਰਜਕਾਰੀ ਨਿਰਦੇਸ਼ਕ ਡੀ.ਕੇ. ਕਾਮਰਾ (ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ) ਅਤੇ ਹਵਾਈ ਅੱਡੇ ਦੇ ਸੀਈਓ ਅਜੈ ਕੁਮਾਰ ਆਦਿ ਹਾਜ਼ਰ ਸਨ।
ਹਵਾਈ ਅੱਡੇ ਵੱਲੋਂ ਛੋਟਾਂ ਦੀ ਪੇਸ਼ਕਸ਼
ਮੁਹਾਲੀ ਹਵਾਈ ਅੱਡਾ ਅਜਿਹਾ ਪਹਿਲਾ ਹਵਾਈ ਅੱਡਾ ਹੈ ਜੋ ਨਵੇਂ ਰੂਟ ਜਾਂ ਨਾ ਵਰਤੇ ਜਾ ਰਹੇ ਰੂਟਾਂ ’ਤੇ ਘਰੇਲੂ ਹਵਾਈ ਯਾਤਰਾ ਲਈ ਏਅਰਲਾਈਨਜ਼ ਨੂੰ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਨਿਰਧਾਰਿਤ ਮਾਪਦੰਡਾਂ ਮੁਤਾਬਕ ਏਅਰਲਾਈਨਜ਼ ਨੂੰ ਦਿੱਤੀਆਂ ਛੋਟਾਂ ਵਿੱਚ ਪ੍ਰਤੀ ਯਾਤਰੀ, ਜੀਐੱਸਟੀ ਛੱਡ ਕੇ 125 ਨੌਟਿਕਲ ਮੀਲ ਲਈ 125 ਰੁਪਏ ਅਤੇ ਇਸ ਤੋਂ ਵੱਧ ਦੂਰੀ ਲਈ 300 ਰੁਪਏ ਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।