ਦਰਸ਼ਨ ਸਿੰਘ ਸੋਢੀ
ਮੁਹਾਲੀ, 7 ਜੂਨ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਸਮੇਤ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਅਜੀਬੋ ਗਰੀਬ ਸਥਿਤੀ ਬਣੀ ਹੋਈ ਸੀ। ਅੱਜ ਮੇਅਰ ਜੀਤੀ ਸਿੱਧੂ ਨੇ ਬਹੁਮਤ ਸਾਬਤ ਕਰਨ ਲਈ ਕਾਬਜ਼ ਧਿਰ ਦੇ ਕੌਂਸਲਰਾਂ ਦੀ ਮੀਟਿੰਗ ਸੱਦੀ ਗਈ। ਉਂਝ ਇਸ ਮੀਟਿੰਗ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦਾ ਨਾਮ ਦਿੱਤਾ ਗਿਆ ਸੀ। ਬੰਦ ਕਮਰੇ ਵਿੱਚ ਹੋਈ ਮੀਟਿੰਗ ਵਿੱਚ ਕਾਬਜ਼ ਧਿਰ ਦੇ ਛੇ ਕੌਂਸਲਰਾਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਹਾਜ਼ਰ ਸਨ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਈ ਕਾਂਗਰਸ ਆਗੂ ਵੀ ਮੀਟਿੰਗ ਵਿੱਚ ਹਾਜ਼ਰ ਸਨ। ਗੈਰਹਾਜ਼ਰ ਮੈਂਬਰਾਂ ’ਚੋਂ ਤਿੰਨ ਮੈਂਬਰਾਂ ਨੇ ਵੀਡੀਓ ਸੰਦੇਸ਼ ਭੇਜ ਕੇ ਮੇਅਰ ਜੀਤੀ ਸਿੱਧੂ ਨਾਲ ਡਟ ਕੇ ਖੜੇ ਰਹਿਣ ਦੀ ਹਾਮੀ ਭਰੀ।