ਦਰਸ਼ਨ ਸਿੰਘ ਸੋਢੀ
ਮੁਹਾਲੀ, 17 ਸਤੰਬਰ
ਅੱਜ ਇਥੇ ਸੜਕ ਹਾਦਸੇ ਵਿੱਚ ਮਹਿਲਾ ਸਫ਼ਾਈ ਕਰਮਚਾਰੀ ਦੀ ਮੌਕੇ ਉੱਤੇ ਮੌਤ ਹੋ ਗਈ, ਜਦੋਂ ਕਿ ਦੋ ਔਰਤਾਂ (ਮਾਂ-ਧੀ) ਗੰਭੀਰ ਜ਼ਖ਼ਮੀ ਹੋ ਗਈਆਂ। ਮ੍ਰਿਤਕ ਦੀ ਪਛਾਣ ਓਮਬੀਰੀ (50) ਵਜੋਂ ਹੋਈ ਹੈ, ਜਦੋਂਕਿ ਜ਼ਖ਼ਮੀਆਂ ਵਿੱਚ ਮਮਤਾ ਰਾਣੀ (35) ਅਤੇ ਉਸ ਦੀ ਮਾਂ ਰਾਮਬੀਰੀ (48) ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਅੱਜ ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਅਤੇ ਸਰਾਓ ਹੋਟਲ ਨੇੜੇ ਕੁਝ ਸਫ਼ਾਈ ਕਰਮਚਾਰੀ ਸਫ਼ਾਈ ਕਰ ਰਹੇ ਸੀ ਅਤੇ ਦੁਪਹਿਰ ਵੇਲੇ ਉਹ ਸੜਕ ਕਿਨਾਰੇ ਫੁੱਟਪਾਥ ’ਤੇ ਦਰੱਖ਼ਤਾਂ ਦੇ ਥੱਲੇ ਚਟਾਈ ਵਿਛਾ ਕੇ ਖਾਣਾ ਖਾਣ ਬੈਠੇ ਸਨ ਤਾਂ ਸਫ਼ੈਦ ਤੇਜ਼ ਰਫ਼ਤਾਰ ਵਰਨਾ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਕਾਰ ਉਨ੍ਹਾਂ ਉੱਪਰ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਓਮਬੀਰੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਮਮਤਾ ਰਾਣੀ ਤੇ ਉਸ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੜਕ ਹਾਦਸੇ ਬਾਰੇ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਰਨਾ ਕਾਰ ਵਿੱਚ ਸਵਾਰ ਨੌਜਵਾਨਾਂ ’ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਦੇ ਦੋਸ਼ ਲਗਾਏ। ਕਾਰ ਸਵਾਰ ਨੌਜਵਾਨਾਂ ਨੇ ਕਥਿਤ ਤੌਰ ’ਤੇ ਮੀਡੀਆ ਕਰਮਚਾਰੀਆਂ ਦੇ ਕੈਮਰੇ ਵੀ ਖੋਹਣ ਦਾ ਯਤਨ ਕੀਤਾ। ਸਫ਼ਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਪੁਲੀਸ ਵਰਨਾ ਕਾਰ ਸਵਾਰ ਨੌਜਵਾਨਾਂ ਨੂੰ ਬਚਾਅ ਰਹੀ ਹੈ। ਸਫ਼ਾਈ ਕਰਮਚਾਰੀਆਂ ਨੇ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਬਾਅਦ ਸਫ਼ਾਈ ਕਰਮਚਾਰੀ ਯੂਨੀਅਨ ਦੇ ਹੋਰ ਆਗੂ ਵੀ ਉੱਥੇ ਪਹੁੰਚ ਗਏ ਅਤੇ ਪੁਲੀਸ ਨਾਲ ਗੱਲਬਾਤ ਕੀਤੀ।