ਦਰਸ਼ਨ ਸਿੰਘ ਸੋਢੀ
ਮੁਹਾਲੀ, 11 ਜੁਲਾਈ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਬਰਸਾਤ ਅਤੇ ਪਾਣੀ ਭਰਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਮੁਹਾਲੀ ਨਗਰ ਨਿਗਮ ਨੂੰ ਸ਼ਹਿਰ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਜਾਰੀ ਤਾਜ਼ਾ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਪੀਡਬਲਿਊਡੀ ਬੀਐਂਡਆਰ ਨੂੰ ਕਿਹਾ ਕਿ ਉਹ ਇਮਾਰਤਾਂ ਅਤੇ ਰਿਹਾਇਸ਼ਾਂ ਦੀ ਸ਼ਨਾਖਤ ਕਰਨ, ਜੋ ਮੀਂਹ ਕਾਰਨ ਢਾਂਚਾਗਤ ਤੌਰ ‘ਤੇ ਅਸੁਰੱਖਿਅਤ ਹੋ ਗਈਆਂ ਹਨ ਅਤੇ ਇਹ ਯਕੀਨੀ ਬਣਾਉਣ ਕਿ ਇਨ੍ਹਾਂ ਨੂੰ ਸਮੇਂ ਸਿਰ ਖਾਲ੍ਹੀ ਕਰਵਾਇਆ ਜਾਵੇ ਤਾਂ ਜੋ ਮਨੁੱਖੀ ਜੀਵਨ ਨੂੰ ਕੋਈ ਨੁਕਸਾਨ/ਖਤਰਾ ਨਾ ਬਣੇ। ਉਨ੍ਹਾਂ ਨੇ ਆਮ ਲੋਕਾਂ ਨੂੰ ਮੌਨਸੂਨ ਸੀਜ਼ਨ ਦੌਰਾਨ 1 ਅਕਤੂਬਰ ਤੱਕ ਜਲ ਸਰੋਤਾਂ ਜਿਵੇਂ ਝੀਲਾਂ, ਚੋਆਂ, ਛੱਪੜਾਂ ਜਾਂ ਇੱਥੋਂ ਤੱਕ ਕਿ ਸੇਮ ਵਾਲੇ ਖੇਤਰਾਂ ਵਿੱਚ ਜਾਂ ਇਸ ਦੇ ਆਲੇ-ਦੁਆਲੇ ਨਾ ਜਾਣ ਲਈ ਕਿਹਾ। ਮੁਹਾਲੀ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ, ਗਮਾਡਾ ਅਤੇ ਜੰਗਲਾਤ ਵਿਭਾਗ ਨੂੰ ਸੜਕਾਂ, ਗਲੀਆਂ ਅਤੇ ਜਨਤਕ ਮਾਰਗਾਂ ਤੋਂ ਡਿੱਗੇ ਦਰੱਖਤਾਂ ਨੂੰ ਤੁਰੰਤ ਹਟਾਉਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਸੜਕਾਂ ਵਿੱਚ ਖੱਡਿਆਂ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੇ ਮੈਨਹੋਲ ਦੇ ਢੱਕਣ ਸਹੀ ਢੰਗ ਨਾਲ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਪੈਦਲ ਚੱਲਣ ਵਾਲੇ, ਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਐੱਸਪੀ, ਟ੍ਰੈਫਿਕ ਪੁਲੀਸ ਅਤੇ ਖੇਤਰ ਦੇ ਐੱਸਡੀਐੱਮਜ਼ ਨੂੰ ਨਿਰਦੇਸ਼ ਦਿੱਤੇ ਕਿ ਐੱਨਐੱਚਏਆਈ, ਪੀਡਬਲਿਊਡੀ, ਮੰਡੀ ਬੋਰਡ ਅਤੇ ਅਜਿਹੀਆਂ ਸਾਰੀਆਂ ਸੜਕਾਂ ਦੀ ਮਾਲਕੀ ਵਾਲੀਆਂ ਏਜੰਸੀਆਂ ਪਾਣੀ ਭਰੇ ਅੰਡਰਪਾਸ ਅਤੇ ਸਬਵੇਅ ਦੀ ਸਹੀ ਢੰਗ ਨਾਲ ਘੇਰਾਬੰਦੀ ਕਰਨ ਅਤੇ ਆਵਾਜਾਈ ਨੂੰ ਬਦਲਵੇਂ ਰੂਟਾਂ ‘ਤੇ ਮੋੜਨ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ/ਦਫ਼ਤਰਾਂ ਨੂੰ ਕਿਹਾ ਕਿ ਉਹ ਦਫ਼ਤਰੀ ਇਮਾਰਤਾਂ ਵਿੱਚ ਨਮੀ ਅਤੇ ਪਾਣੀ ਭਰਨ ਕਾਰਨ ਬਿਜਲੀ ਦੇ ਕਰੰਟ ਲੱਗਣ ਦੇ ਸੰਭਾਵਿਤ ਬਿੰਦੂਆਂ ਦਾ ਪਤਾ ਲਗਾਉਣ ਲਈ ਆਪਣੇ ਇਮਾਰਤ ਦੇ ਅਹਾਤੇ ਦਾ ਮੁਆਇਨਾ ਕਰਨ। ਉਨ੍ਹਾਂ ਨੇ ਐੱਸਈ ਪੀਐੱਸਪੀਸੀਐਲ, ਨਗਰ ਨਿਗਮ ਮੁਹਾਲੀ ਅਤੇ ਨਗਰ ਕੌਂਸਲਾਂ ਨੂੰ ਬਿਜਲੀ ਦੇ ਖੰਭਿਆਂ ਅਤੇ ਸਟਰੀਟ ਲਾਈਟਾਂ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਪੈਦਲ ਚੱਲਣ ਵਾਲਿਆਂ ਨੂੰ ਬਿਜਲੀ ਦੇ ਕਰੰਟ ਦੀ ਘਟਨਾ ਤੋਂ ਬਚਾਇਆ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਬਿਜਲੀ ਦੇ ਕਰੰਟ ਅਤੇ ਡੁੱਬਣ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਸਥਿਤ ਸਮੂਹ ਸਰਕਾਰੀ ਅਤੇ ਨਿੱਜੀ ਅਦਾਰਿਆਂ/ਦਫ਼ਤਰਾਂ ਨੂੰ ਬਰਸਾਤ ਦੀ ਭਵਿੱਖਬਾਣੀ ਅਤੇ ਪਾਣੀ ਭਰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਦਫ਼ਤਰ ਬੰਦ ਕਰਨ ਬਾਰੇ ਫੈਸਲਾ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਐੱਸਡੀਐੱਮਜ਼ ਜ਼ਿਲ੍ਹੇ ਵਿੱਚ ਭਾਰੀ ਬਰਸਾਤ ਕਾਰਨ ਹੋਏ ਜਲ ਥਲ ਦੀ ਨਿਗਰਾਨੀ ਕਰਨ ਤੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਐਮਰਜੈਂਸੀ ਨਾਲ ਨਜਿੱਠਣ ਲਈ ਸਰਕਾਰ ਦੁਆਰਾ ਸਥਾਪਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਦੀ ਪਾਲਣਾ ਨੂੰ ਯਕੀਨੀ ਬਣਾਉਣ।