ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 3 ਫਰਵਰੀ
ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੁਲੀਸ ਨੇ ਜਾਅਲੀ ਡਿਗਰੀਆਂ ਤਿਆਰ ਕਰਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜ਼ੀ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਮੁਹਾਲੀ ਦੀ ਐੱਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਜ਼ੀਰਕਪੁਰ ਡਿਵੀਜ਼ਨ ਦੇ ਡੀਐੱਸਪੀ ਅਮਰੋਜ ਸਿੰਘ ਨੇ ਦੱਸਿਆ ਕਿ ਗਰੋਹ ਦੇ ਮੁਖੀ ਨਿਰਮਲ ਸਿੰਘ ਨਿੰਮਾ ਵਾਸੀ ਪਿੰਡ ਕਰਤਾਰਪੁਰ, ਥਾਣਾ ਮੁੱਲਾਂਪੁਰ ਗਰੀਬਦਾਸ (ਮੁਹਾਲੀ) ਸਮੇਤ ਉਸ ਦੇ ਸਾਥੀ ਵਿਸ਼ਨੂੰ ਸ਼ਰਮਾ ਵਾਸੀ ਹਾਈਟ ਕਲੋਨੀ ਮਥੁਰਾ (ਯੂਪੀ), ਸੁਸ਼ਾਂਤ ਤਿਆਗੀ ਵਾਸੀ ਵੀਰ ਫਾਊਂਡੇਸ਼ਨ (ਮੇਰਠ), ਆਨੰਦ ਵਿਕਰਮ ਸਿੰਘ ਵਾਸੀ ਵਿਸ਼ਾਲੀ, ਗਾਜ਼ੀਆਬਾਦ (ਯੂਪੀ) ਅਤੇ ਅੰਕਿਤ ਅਰੋੜਾ ਉਰਫ਼ ਗੋਰੀਆਂ ਵਾਸੀ ਪਿੰਡ ਫਤਹਿਪੁਰ ਸਿਆਲਬਾ (ਮੁਹਾਲੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿੱਚ ਜਾਅਲੀ ਡਿਗਰੀਆਂ, ਸਰਟੀਫਿਕੇਟ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਹੋਲੋਗਰਾਮ, ਜਾਅਲੀ ਮੋਹਰਾਂ, ਭਾਰੀ ਮਾਤਰਾ ਵਿੱਚ ਸਟੇਸ਼ਨਰੀ, ਪ੍ਰਿੰਟਰ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਧਾਰਾ 259,260,420,465,467,468,470,471,473 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸਪੀ ਨੇ ਦੱਸਿਆ ਕਿ ਜ਼ੀਰਕਪੁਰ ਥਾਣਾ ਦੇ ਐੱਸਐੱਚਓ ਓਂਕਾਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਿਰਮਲ ਸਿੰਘ ਨਿੰਮਾ ਵਿਦਿਆਰਥੀਆਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਕੋਲੋਂ ਆਈਡੀ ਪਰੂਫ ਅਤੇ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਉੱਚ ਸਿੱਖਿਆ ਦੇ ਸਰਟੀਫਿਕੇਟ ਅਤੇ ਡਿਗਰੀਆਂ ਮੁਹੱਈਆ ਕਰਵਾਉਂਦਾ ਹੈ। ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਕਿ ਮੁਲਜ਼ਮ ਘੱਟ ਪੜ੍ਹੇ ਲਿਖੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਡਿਪਲੋਮਾ ਕੋਰਸਾਂ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਦਿੰਦੇ ਹਨ। ਉਹ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਨਾਮ ’ਤੇ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਸੈਂਟਰ ਖੋਲ੍ਹੇ ਹੋਏ ਹਨ। ਜਿਥੇ ਇਹ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ਨੂੰ ਹੈਕ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਡਾਟਾ ਚਾਰਟ ਨੂੰ ਬਰੇਕ ਕਰਕੇ ਉਨ੍ਹਾਂ ਵਿੱਚ ਆਪਣੀ ਮਰਜ਼ੀ ਨਾਲ ਵਿਦਿਆਰਥੀਆਂ ਦੇ ਨਾਮ ਪਤੇ ਫੀਡ ਕਰ ਦਿੰਦੇ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਸਰਟੀਫਿਕੇਟ ਆਪਣੇ ਦਫ਼ਤਰ ਵਿੱਚ ਬੈਠ ਕੇ ਖ਼ੁਦ ਆਪਣੇ ਪ੍ਰਿੰਟਰ, ਸਕੈਨਰ ਨਾਲ ਤਿਆਰ ਕੀਤੀਆਂ ਜਾਅਲੀ ਮੋਹਰਾ ਲਗਾ ਕੇ ਉਨ੍ਹਾਂ ਨੂੰ ਡਾਕ ਰਾਹੀਂ ਘਰ ਭੇਜ ਦਿੰਦੇ ਹਨ।
ਐੱਸਪੀ ਨੇ ਦੱਸਿਆ ਕਿ ਮੁਲਜ਼ਮ ਜਾਅਲੀ ਡਿਗਰੀਆਂ ਦੇਣ ਬਦਲੇ ਸਬੰਧਤ ਤੋਂ ਮੋਟੀ ਰਕਮ ਹਾਸਲ ਕਰਕੇ ਆਪਸ ਵਿੱਚ ਵੰਡ ਲੈਂਦੇ ਹਨ। ਇਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਖ਼ੁਦ ਤਿਆਰ ਕੀਤੀਆਂ ਜਾਅਲੀ ਡਿਗਰੀਆਂ, ਪ੍ਰਿੰਟਰ, ਸਕੈਨਰ, ਲੈਮੀਨੇਸ਼ਨ ਮਸ਼ੀਨ ਵੱਖ-ਵੱਖ ਯੂਨੀਵਰਸਿਟੀ ਦੀਆਂ ਜਾਅਲੀ ਰਬੜ ਮੋਹਰਾਂ, ਡਿਗਰੀਆਂ ਉੱਪਰ ਲੱਗਣ ਵਾਲੇ ਹੋਲੋਗ੍ਰਾਮ (ਸਟਿੱਕਰ), ਡਿਗਰੀਆਂ ਦੇ ਖਾਲੀ ਸਰਟੀਫਿਕੇਟ, ਸਰਟੀਫਿਕੇਟ ਨੂੰ ਤਿਆਰ ਕਰਨ ਵਾਲੇ ਪੇਪਰ, ਸਿਆਹੀ, ਇਸ ਧੰਦੇ ਵਿੱਚ ਵਰਤੇ ਗਏ ਮੋਬਾਈਲ ਫੋਨ ਅਤੇ ਹੋਰ ਸਾਜ਼ੋ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਨ੍ਹਾਂ ਦੇ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ।