ਦਰਸ਼ਨ ਸਿੰਘ ਸੋਢੀ
ਮੁਹਾਲੀ, 16 ਜੁਲਾਈ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿੱਢੇ ਸੰਘਰਸ਼ ਦੇ ਸਮਰਥਨ ਵਿੱਚ ਪੁਆਧ ਇਲਾਕਾ ਮੁਹਾਲੀ ਦੇ ਕਿਸਾਨਾਂ ਵੱਲੋਂ ਮੁਹਾਲੀ ਏਅਰਪੋਰਟ ਸੜਕ ’ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਸ਼ੁੱਕਰਵਾਰ ਨੂੰ 40ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਸਾਬਕਾ ਕੌਂਸਲਰ ਤੇ ਸਮਾਜ ਸੇਵੀ ਆਗੂ ਸਤਵੀਰ ਸਿੰਘ ਧਨੋਆ, ਮਨਜੀਤ ਸਿੰਘ ਗਿੱਲ, ਮੇਜਰ ਸਿੰਘ, ਸਮਿੰਦਰ ਸਿੰਘ ਹੈਪੀ, ਅਮਰਜੀਤ ਸਿੰਘ ਧਨੋਆ, ਜਸਵਿੰਦਰ ਸਿੰਘ ਸਿੱਧੂ ਅਤੇ ਲਾਲ ਸਿੰਘ ਭੁੱਖ-ਹੜਤਾਲ ’ਤੇ ਬੈਠੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਸਨੇਹਪ੍ਰੀਤ ਸਿੰਘ, ਸਿਮਰਦੀਪ ਸਿੰਘ ਅਤੇ ਆਕਾਸ਼ ਚੇਤਲ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸੱਤ ਮਹੀਨਿਆਂ ਤੋਂ ਅਤਿ ਦੀ ਗਰਮੀ ਵਿੱਚ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲਗਾ ਕੇ ਬੈਠੇ ਹਨ ਪਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ, ਮਿੰਦਰ ਸਿੰਘ ਸੋਹਾਣਾ, ਦਵਿੰਦਰ ਸਿੰਘ ਬੌਬੀ, ਅਮਰਜੀਤ ਸਿੰਘ ਨਰੈਣ, ਅਮਨ ਪੂਨੀਆ ਪਹਿਲਵਾਨ, ਕਰਮਜੀਤ ਸਿੰਘ, ਖੁਸ਼ਿਵੰਦਰ ਸਿੰਘ ਬੈਦਵਾਨ ਨੇ ਸੰਬੋਧਨ ਕੀਤਾ।