ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਜੂਨ
ਮੁਹਾਲੀ ਪੁਲੀਸ ਵੱਲੋਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਅਤੇ ਜੁਰਮ ਨੂੰ ਠੱਲ੍ਹ ਪਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਟੀਡੀਆਈ ਸਿਟੀ, ਪੂਰਬ ਅਪਾਰਟਮੈਂਟ, ਪਿੰਡ ਸ਼ਾਹੀਮਾਜਰਾ, ਮਦਨਪੁਰਾ ਸਮੇਤ ਕਈ ਹੋਰ ਹਾਊਸਿੰਗ ਸੁਸਾਇਟੀਆਂ ਵਿੱਚ ਛਾਪੇ ਮਾਰ ਕੇ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ। ਇਸ ਦੌਰਾਨ ਪੁਲੀਸ ਨੇ ਆਨਲਾਈਨ ਸੱਟਾ ਲਾਉਣ ਵਾਲੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਕਾਰਵਾਈ ਡੀਐੱਸਪੀ (ਸਿਟੀ-1) ਸੁਖਨਾਜ ਸਿੰਘ ਦੀ ਨਿਗਰਾਨੀ ਹੇਠ ਮਟੌਰ ਥਾਣਾ ਦੇ ਐੱਸਐੱਚਓ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ ਦੀ ਅਗਵਾਈ ਵਾਲੀ ਟੀਮ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹੋਮਲੈਂਡ ਹਾਈਟਸ ਸੈਕਟਰ-70 ਵਿੱਚ ਚੈਕਿੰਗ ਦੌਰਾਨ ਸਬ ਇੰਸਪੈਕਟਰ ਵਲੈਤੀ ਰਾਮ ਨੂੰ ਇਤਲਾਹ ਮਿਲੀ ਕਿ ਜ਼ਿੰਬਬਾਵੇ ਅਤੇ ਅਫ਼ਗਾਨਿਸਤਾਨ ਵਿਚਕਾਰ ਚੱਲ ਰਹੇ ਕ੍ਰਿਕਟ ਮੈਚ ’ਤੇ ਹੋਮਲੈਂਡ ਹਾਈਟਸ ਦੇ ਇੱਕ ਫਲੈਟ ਵਿੱਚ ਕੁਝ ਵਿਅਕਤੀ ਆਨਲਾਈਨ ਸੱਟਾ ਖੇਡ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਮੋਟੀ ਠੱਗੀ ਮਾਰ ਰਹੇ ਹਨ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਅਭਿਮੰਨਿਊ, ਪਵਨਦੀਪ, ਹਿਮਾਂਸ਼ੂ ਮਹਾਜਨ, ਤਾਹਿਰ ਮਹਾਜਨ ਵਾਸੀ ਪਠਾਨਕੋਟ ਅਤੇ ਮਾਣਕ ਬਾਂਸਲ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮਟੌਰ ਥਾਣੇ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਆਨਲਾਈਨ ਸੱਟਾਂ ਲਾਉਣ ਲਈ ਵਰਤੇ ਜਾ ਰਹੇ ਦੋ ਲੈਪਟਾਪ, 12 ਸਮਾਰਟ ਫੋਨ, 8 ਕੀ-ਪੈਡ ਵਾਲੇ ਫੋਨ, ਇੱਕ ਸੂਟਕੇਸ 20 ਫੋਨਾਂ ਦਾ ਸੈੱਟਅਪ (ਸਮੇਤ 8 ਛੋਟੇ ਫੋਨ) (ਲੈਂਡਿੰਗ ਮਸ਼ੀਨ) ਅਤੇ 2 ਕਾਰਾਂ (ਇਨੋਵਾ ਅਤੇ ਬੀ.ਐੱਮ.ਡਬਲਿਊ) ਬਰਾਮਦ ਕੀਤੀਆਂ ਗਈਆਂ ਹਨ। ਇਸੇ ਦੌਰਾਨ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਨਾ ਕਰਵਾਉਣ ਵਾਲੇ ਕਰੀਬ 200 ਮਕਾਨ/ਫਲੈਟ ਮਾਲਕਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਜਵਾਬਤਲਬੀ ਕੀਤੀ ਗਈ ਹੈ। ਇਹ ਫਲੈਟ ਮਾਲਕ ਮੁਹਾਲੀ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਮਿਲੇ ਹਨ।