ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਅਕਤੂਬਰ
ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਕੰਵਲਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਿਖੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੀਆਂ ਕੁੜੀਆਂ ਨੇ ਆਪਣੀ ਸਰਦਾਰੀ ਕਾਇਮ ਰੱਖੀ। ਇਹ ਮੁਕਾਬਲੇ ਤਿੰਨ ਵਰਗਾਂ (ਵਰਗ ‘ੳ’ ਅੱਠਵੀਂ ਸ਼੍ਰੇਣੀ ਤੱਕ, ਵਰਗ ‘ਅ’ ਬਾਰ੍ਹਵੀਂ ਤੱਕ ਅਤੇ ਵਰਗ ‘ੲ’ ਗਰੈਜੂਏਸ਼ਨ ਤੱਕ) ਵਿੱਚ ਕਰਵਾਏ ਗਏ। ਵਰਗ ‘ੳ’ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ (ਮੁਹਾਲੀ) ਦੀ ਹਰਮਨਦੀਪ ਕੌਰ ਨੇ ਪਹਿਲਾ ਸਥਾਨ, ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੀ ਹਰਮਨ ਕੌਰ ਨੇ ਦੂਜਾ ਸਥਾਨ ਅਤੇ ਬੀਐੱਸਐੱਚ ਆਰੀਆ ਹਾਈ ਸਕੂਲ ਸੋਹਾਣਾ ਦੀ ਲਕਸ਼ਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ ‘ਅ’ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਦੀ ਅਵਨੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੀ ਰਮਨਜੀਤ ਕੌਰ ਨੇ ਦੂਜਾ ਅਤੇ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੀ ਮਨਕਮਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਵਰਗ ‘ੲ’ ਵਿੱਚ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਦੀ ਨਵਨੀਤ ਕੌਰ ਨੇ ਪਹਿਲਾ, ਖਾਲਸਾ ਕਾਲਜ ਮੁਹਾਲੀ ਦੀ ਹੇਮਾ ਕੋਰੰਗਾ ਨੇ ਦੂਜਾ ਅਤੇ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਦੀ ਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਕੰਵਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਨਾਮ ਵੰਡ ਸਮਾਗਮ ਵਿੱਚ ਸਬੰਧਤ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ ਸ੍ਰੀਮਤੀ ਬਰਿੰਦਰਜੀਤ ਕੌਰ, ਸ੍ਰੀਮਤੀ ਸੁਜਾਤਾ, ਸ੍ਰੀਮਤੀ ਕੁਲਵਿੰਦਰ ਕੌਰ, ਜਤਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ।
ਪਟਿਆਲਾ(ਗੁਰਨਾਮ ਸਿੰਘ ਅਕੀਦਾ): ਪਟਿਆਲਾ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਹੋਏ ਕੁਇਜ਼ ਮੁਕਾਬਲਿਆਂ ‘ਚ ਪਹਿਲਾਂ ਸਥਾਨ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨੈਨਾ ਗੁਪਤਾ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਅੱਠਵੀਂ ਜਮਾਤ ਦੇ ਵਿਦਿਆਰਥੀ ਰੋਹਿਤ ਕੁਮਾਰ ਤੇ ਤੀਸਰਾ ਸਥਾਨ ਢੁਡਿਆਲ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਜਗਰੂਪ ਸਿੰਘ ਨੇ ਹਾਸਲ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਹੋਏ ਮੁਕਾਬਲਿਆਂ ‘ਚ ਪਹਿਲਾ ਸਥਾਨ ਸਰਕਾਰੀ ਕੰਨ੍ਹਿਆਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਪਟਿਆਲਾ ਦੀ ਪ੍ਰਿਅੰਕਾ ਨੇ, ਦੂਸਰਾ ਤੇ ਤੀਸਰਾ ਸਥਾਨ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਨੌਵੀਂ ਦੇ ਵਿਦਿਆਰਥੀ ਜਸ਼ਨਰਾਜ ਸਿੰਘ ਤੇ ਬਾਰ੍ਹਵੀਂ ਦੀ ਵਿਦਿਆਰਥਣ ਪੂਜਾ ਨੇ ਹਾਸਲ ਕੀਤਾ। ਖ਼ਾਲਸਾ ਕਾਲਜ ਪਟਿਆਲਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਤਨਵੀਰ ਸਿੰਘ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ ਕ੍ਰਮਵਾਰ ਬੀ.ਏ.ਐੱਲ.ਐੱਲ.ਬੀ. ਭਾਗ ਤੀਜਾ ਦੀ ਸਿਮਰਤ ਕੌਰ ਨੇ ਦੂਜਾ ਤੇ ਬੀ.ਏ. ਆਨਰਜ਼ ਭਾਗ ਦੂਜਾ ਦੇ ਵਿਦਿਆਰਥੀ ਨੀਲੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ।