ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਅਕਤੂਬਰ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਰੁੜਕਾ ਵਿੱਚ ਐੱਸਸੀ ਧਰਮਸ਼ਾਲਾ ਲਈ 10 ਲੱਖ ਰੁਪਏ ਅਤੇ ਸ਼ਮਸ਼ਾਨਘਾਟ ਲਈ 3.50 ਲੱਖ ਰੁਪਏ ਦੇ ਚੈੱਕ ਦਿੱਤੇ। ਪਿੰਡ ਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਦੇਸ਼ ਦੇ ਨਕਸ਼ੇ ਉੱਤੇ ਮੁਹਾਲੀ ਸ਼ਹਿਰ ਤੇਜ਼ੀ ਨਾਲ ਵਪਾਰਕ ਖੇਤਰ ਲਈ ਸਭ ਤੋਂ ਅਨੁਕੂਲ ਥਾਂ ਵਜੋਂ ਤੇਜ਼ੀ ਨਾਲ ਆਪਣੀ ਪਛਾਣ ਸਥਾਪਤ ਕਰਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਮੁਹਾਲੀ ਸਿਰਫ਼ ਪੰਜਾਬ ਦਾ ਹੀ ਨਹੀਂ, ਸਗੋਂ ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਦੁਨੀਆ ਦੀ ਹਰੇਕ ਵੱਡੀ ਕੰਪਨੀ ਮੁਹਾਲੀ ਆ ਕੇ ਵਪਾਰ ਕਰਨ ਵਿੱਚ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਰਪੰਚ ਹਰਜੀਤ ਸਿੰਘ, ਲਾਭ ਸਿੰਘ ਤੇ ਗੁਰਪਾਲ ਸਿੰਘ (ਦੋਵੇਂ ਸਾਬਕਾ ਸਰਪੰਚ), ਬੀਡੀਪੀਓ ਹਿਤੇਨ ਕਪਿਲਾ, ਨੰਬਰਦਾਰ ਕਿਰਪਾਲ ਸਿੰਘ ਆਦਿ ਹਾਜ਼ਰ ਸਨ।