ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਸਤੰਬਰ
ਮੁਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ ਟੀਕਾਕਰਨ ਦੀ ਪਹਿਲੀ ਖ਼ੁਰਾਕ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਅੱਜ ਦੇਰ ਸ਼ਾਮ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਸ਼ਾਮਲ ਕੀਤੇ ਜਨਸੰਖਿਆ ਵਾਧੇ ਮੁਤਾਬਕ ਮੁਹਾਲੀ ਦੀ ਕੁੱਲ ਬਾਲਗ ਆਬਾਦੀ 7,46,119 ਹੈ। ਮੁਹਾਲੀ ਜ਼ਿਲ੍ਹੇ ਨੇ ਮੰਗਲਵਾਰ ਨੂੰ ਏਨੀ ਗਿਣਤੀ ਦੇ ਲੋਕਾਂ ਦਾ ਟੀਕਾਕਰਨ ਪੂਰਾ ਕੀਤਾ ਅਤੇ ਅੱਜ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ, ਜਿਸ ਨਾਲ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ 103.66 ਫੀਸਦੀ ਹੋ ਗਈ ਹੈ।
ਇਸ ਟੀਕਾਕਰਨ ਵਿੱਚ ਉਹ ਡੇਟਾ ਸ਼ਾਮਲ ਹੈ ਜੋ ਕੋਵਾ ਐਪ ’ਤੇ ਅਪਲੋਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵੱਲੋਂ ਡੇਟਾ ਨੂੰ ਮਾਈਗਰੇਟ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਕੋਵਾ ਐਪ ਤੋਂ ਕੋਵਿਨ ਵਿੱਚ ਪੂਰਾ ਡੇਟਾ ਮਾਈਗ੍ਰੇਟ ਹੋ ਜਾਣ ਤੋਂ ਬਾਅਦ ਇਹ ਅੰਕੜੇ ਕੋਵਿਨ ਨੂੰ ਵਰਤਣ ਵਾਲੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੋ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਮੁਹਾਲੀ ਨੇ ਇੱਕ ਤਰਾਂ ਦਾ ਰਿਕਾਰਡ ਬਣਾਇਆ ਹੈ ਕਿਉਂ ਜੋ ਇਹ ਰਾਜ ਦਾ ਪਹਿਲਾ ਜ਼ਿਲ੍ਹਾ ਹੈ ਜਿਸਨੇ ਕੁੱਲ ਆਬਾਦੀ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਦੌਰ ਤੋਂ ਬਾਅਦ ਪੂਰੇ ਦੇਸ਼ ਵਿੱਚ ਅਜਿਹਾ ਮਾਣ ਹਾਸਲ ਕਰਨ ਵਾਲਾ ਮੁਹਾਲੀ ਦੂਜਾ ਸ਼ਹਿਰ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਮੁਹਾਲੀ ਜ਼ਿਲ੍ਹੇ ਦੀ ਬਹੁ-ਗਿਣਤੀ ਆਬਾਦੀ ਅਤੇ ਟਰਾਈਸਿਟੀ ਨਾਲ ਸਬੰਧਤ ਲੋਕਾਂ ਦਾ ਟੀਕਾਕਰਨ ਕੀਤਾ ਹੈ। ਕੋਵਿਡ ਵਿਰੁੱਧ ਸਫਲ ਲੜਾਈ ਦਾ ਟੀਚਾ ਸਰ ਕਰਦੇ ਹੋਏ ਅਸੀਂ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਟੀਕਾਕਰਨ ਕੇਂਦਰਾਂ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਕੋਵਿਡ ਦੀ ਦੂਜੀ ਖ਼ੁਰਾਕ ਦਾ ਟੀਕਾਕਰਨ ਵੀ ਇਸੇ ਉਤਸ਼ਾਹ ਨਾਲ ਅਮਲ ਵਿੱਚ ਲਿਆਵਾਂਗੇ।