ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 17 ਜੂਨ
ਮੁਹਾਲੀ ਪੁਲੀਸ ਨੇ ਲੋਕਾਂ ਤੋਂ ਮੋਬਾਈਲ ਫੋਨ ਖੋਹਣ ਵਾਲੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਵਣ ਕੁਮਾਰ ਵਾਸੀ ਪਿੰਡ ਸਾਂਭਲੀ (ਯੂਪੀ) ਅਤੇ ਰਵੀ ਕੁਮਾਰ ਵਾਸੀ ਦੁਮਪੁਰਾ (ਯੂਪੀ) ਵਜੋਂ ਹੋਈ ਹੈ। ਅੱਜ ਇੱਥੇ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਧਰਮਿੰਦਰ ਪ੍ਰਸਾਦ ਵਾਸੀ ਸੈਕਟਰ-52, ਚੰਡੀਗੜ੍ਹ ਹੀਰੋ ਹੋਮਜ਼ ਦੇ ਨੇੜੇ ਫੋਨ ਸੁਣ ਰਿਹਾ ਸੀ। ਇਸ ਦੌਰਾਨ ਅਚਾਨਕ ਪਿੱਛੋਂ ਮੋਟਰਸਾਈਕਲ ’ਤੇ ਆਏ ਨੌਜਵਾਨ ਨੇ ਝਪਟ ਮਾਰ ਕੇ ਉਸ ਕੋਲੋਂ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਿਆ।
ਪੀੜਤ ਧਰਮਿੰਦਰ ਕੁਮਾਰ ਵੱਲੋਂ ਰੌਲਾ ਪਾਉਣ ’ਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ ਤੇ ਹੋਰਨਾਂ ਰਾਹਗੀਰਾਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਲਿਆ। ਡੀਐੱਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਜੂਦਾ ਸਮੇਂ ਵਿੱਚ ਬੈਦਵਾਨ ਟਾਵਰ ਸੋਹਾਣਾ ਵਿੱਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਉਸ ਕੋਲੋਂ ਚੋਰੀ ਦੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਬਾਅਦ ਵਿੱਚ ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਉਸ ਦੇ ਦੂਜੇ ਸਾਥੀ ਰਵੀ ਕੁਮਾਰ ਨੂੰ ਵੀ ਕਾਬੂ ਕਰ ਲਿਆ। ਰਵੀ ਸੈਕਟਰ-88 ਸਥਿਤ ਝੁੱਗੀਆਂ ਵਿੱਚ ਰਹਿੰਦਾ ਸੀ। ਉਸ ਦੇ ਕਬਜ਼ੇ ’ਚੋਂ ਚੋਰੀ ਦੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਡੀਐੱਸਪੀ ਬੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ। ਪੁੱਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।