ਦਰਸ਼ਨ ਸਿੰਘ ਸੋਢੀ
ਮੁਹਾਲੀ, 7 ਅਕਤੂਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਅਸਲੇ, 3 ਵਾਹਨਾਂ, ਸੋਨੇ ਦੀਆਂ 9 ਚੇਨੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਥੇ ਮੁਹਾਲੀ ਦੇ ਨਵੇਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਖਰੜ ਵਿੱਚ ਹੋਏ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਦਾ ਵੀ ਦਾਅਵਾ ਕੀਤਾ ਹੈ।
ਐੱਸਐੰਸਪੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਖਰੜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵ ਚੋਪੜਾ, ਵਿਜੈ ਕੁਮਾਰ, ਮੁਸਤਕੀਮ ਅਲੀ, ਸਲਮਾਨ ਖਾਨ ਅਤੇ ਕਰਨਬੀਰ ਸਿੰਘ ਵਾਸੀ ਪਿੰਡ ਈਨਾ ਖੇੜਾ (ਮਲੋਟ) ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟਾਂ-ਖੋਹਾਂ ਕਰਦੇ ਹਨ। ਪੁਲੀਸ ਨੇ ਛਾਪੇ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਸ਼ਿਵ ਚੋਪੜਾ ਨੇ ਦੱਸਿਆ ਕਿ ਉਸ ਨੇ ਪੁਰਾਣੀ ਮਾਤਾ ਗੁਜਰੀ ਐਨਕਲੇਵ ਖਰੜ ਵਿੱਚ ਬਜ਼ੁਰਗ ਔਰਤ ਕਮਲਜੀਤ ਕੌਰ ਤੋਂ ਨਗਦੀ ਅਤੇ ਗਹਿਣਿਆਂ ਦੇ ਲਾਲਚ ਵਿੱਚ ਆਕੇ ਮਫ਼ਲਰ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਕਤਲ ਤੋਂ ਬਾਅਦ ਵਿੱਚ ਲਾਸ਼ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਿਆ ਸੀ। ਉਸ ਖ਼ਿਲਾਫ਼ 30 ਜੂਨ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਕਤਲ ਦੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਮੁਲਜ਼ਮ, ਬਜ਼ੁਰਗ ਔਰਤ ਦੇ ਘਰ ਕਿਰਾਏ ’ਤੇ ਰਹਿੰਦਾ ਰਿਹਾ ਹੈ। ਸ਼ਿਵ ਚੋਪੜਾ ਨੇ ਮੰਨਿਆਂ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਤਾ ਗੁਜਰੀ ਐਨਕਲੇਵ ਖਰੜ, ਸਨੀ ਐਨਕਲੇਵ ਖਰੜ, ਗਿਲਕੋ ਵੈਲੀ ਮਾਰਕੀਟ, ਜੰਡਪੁਰ ਰੋਡ ਖਰੜ ਵਿਖੇ ਵੱਖ-ਵੱਖ ਥਾਵਾਂ ਤੋਂ ਚੇਨਾਂ ਝਪਟੀਆਂ, ਮੋਬਾਈਲ ਖੋਹੇ, ਕਰਿਆਨੇ ਦੀਆਂ ਦੁਕਾਨਾਂ ਤੋਂ ਨਗਦੀ ਲੁੱਟੀ। ਪੁਲੀਸ ਨੇ ਮੁਲਜ਼ਮਾਂ ਪਾਸੋਂ ਨਾਜਾਇਜ਼ ਹਥਿਆਰ (ਵਿਦੇਸ਼ੀ ਪਿਸਤੌਲ), 3 ਕਾਰਤੂਸ, 2 ਖਿਡੌਣਾ ਪਿਸਤੌਲ, 3 ਵਾਹਨ (2 ਮੋਟਰਸਾਈਕਲ ਅਤੇ 1 ਸਕੂਟਰ) ਬਰਾਮਦ ਕੀਤੇ ਗਏ ਹਨ।