ਦਰਸ਼ਨ ਸਿੰਘ ਸੋਢੀ
ਮੁਹਾਲੀ, 20 ਨਵੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਲੜੀਵਾਰ ਧਰਨੇ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਘਰਸ਼ਸ਼ੀਲ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਆਮ ਲੋਕਾਂ ਅਤੇ ਮੁਲਾਜ਼ਮਾਂ ਨੂੰ ਬਹੁਤ ਵੱਡੀ ਆਸ ਜਾਗੀ ਸੀ ਪਰ ਚੰਨੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਵੀ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਸ੍ਰੀ ਢੀਂਡਸਾ ਨੇ 35 ਦਿਨਾਂ ਤੋਂ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਮਾਨਸਾ ਦੀ ਸਿੱਪੀ ਸ਼ਰਮਾ ਦੀ ਖ਼ਬਰ-ਸਾਰ ਲਈ ਅਤੇ ਬੇਰੁਜ਼ਗਾਰ ਨੌਜਵਾਨਾਂ ਨੇ ਮੰਗਾਂ ਦਿੱਤਾ। ਯੂਨੀਅਨ ਦੇ ਆਗੂਆਂ ਗੁਰਲਾਭ ਸਿੰਘ ਭੋਲਾ, ਕ੍ਰਿਸ਼ਨ ਸਿੰਘ ਨਾਭਾ, ਮੋਨੂ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਸ੍ਰੀ ਢੀਂਡਸਾ ਨੂੰ ਦੱਸਿਆ ਕਿ ਧਰਨੇ ’ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ ਦਲਜੀਤ ਸਿੰਘ ਉਰਫ਼ ਕਾਕਾ ਭਾਊ ਦੀ ਡੇਂਗੂ ਨਾਲ ਮੌਤ ਵੀ ਹੋ ਚੁੱਕੀ ਹੈ ਜਦੋਂਕਿ ਮਰਨ ਵਰਤ ’ਤੇ ਸਿੱਪੀ ਸ਼ਰਮਾ ਦੀ ਹਾਲਾਤ ਕਾਫ਼ੀ ਗੰਭੀਰ ਬਣਦੀ ਜਾ ਰਹੀ ਹੈ।
ਇਸ ਮੌਕੇ ਇਸਤਰੀ ਵਿੰਗ ਸਰਪ੍ਰਸਤ ਅਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਇਸਤਰੀ ਵਿੰਗ ਦੀ ਪ੍ਰਧਾਨ ਹਰਜੀਤ ਕੌਰ ਤਲਵੰਡੀ, ਬੀਬੀ ਸਵਰਾਜ ਕੌਰ ਘੁੰਮਣ, ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਅਰਜਨ ਸਿੰਘ ਸ਼ੇਰਗਿੱਲ, ਸੰਤੋਖ ਸਿੰਘ ਸੰਧੂ, ਹਰਮੇਲ ਸਿੰਘ ਮਾਧੋਪੁਰ, ਜ਼ਿਲ੍ਹਾ ਪ੍ਰਧਾਨ ਡਾ. ਮੇਜਰ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ, ਤਰਲੋਕ ਸਿੰਘ, ਹਰਜਿੰਦਰ ਸਿੰਘ, ਰਜਿੰਦਰ ਸਿੰਘ ਸੇਠੀ, ਪ੍ਰੀਤ ਕੌਰ ਮਾਨ, ਮਨਜੀਤ ਕੌਰ, ਅਮਰਜੀਤ ਕੌਰ, ਦਰਸ਼ਨ ਕੌਰ ਭਾਖਰਪੁਰ, ਹਰਜੀਤ ਕੌਰ ਵੜੈਚ, ਓਐੱਸਡੀ ਜਸਵਿੰਦਰ ਸਿੰਘ ਮੌਜੂਦ ਸਨ।