ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 15 ਜਨਵਰੀ
ਮੁਹਾਲੀ ਨਗਰ ਨਿਗਮ ਚੋਣਾਂ ਲਈ ਸ਼ਹਿਰ ਵਿੱਚ ਸਿਆਸੀ ਮਾਹੌਲ ਭਖ਼ਣ ਲੱਗਿਆ ਹੈ। ਕਥਿਤ ਗਲਤ ਵਾਰਡਬੰਦੀ ਅਤੇ ਵਿਰੋਧੀਆਂ ਦੀਆਂ ਵੋਟਾਂ ਕੱਟਣ ਅਤੇ ਜਾਅਲੀ ਵੋਟਾਂ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਗਲਤ ਵਾਰਡਬੰਦੀ, ਜਾਅਲੀ ਵੋਟਾਂ ਅਤੇ ਪਿੰਡ ਤੋਂ ਦੂਰ ਪੋਲਿੰਗ ਬੂਥ ਬਣਾਉਣ ਅਤੇ ਪੁਰਾਣੇ ਵਾਰਡ ਦੀ ਭੰਨਤੋੜ ਕਰਨ ਦੇ ਦੋਸ਼ ਲਗਾ ਕੇ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁੰਭੜਾ ਦੀ ਵੋਟਰ ਸੂਚੀ ਵਿੱਚ ਮ੍ਰਿਤਕਾਂ ਦੇ ਨਾਂ ਦਰਜ ਹਨ। ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਗਏ ਪ੍ਰੰਤੂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਏਡੀਸੀ ਕੋਲ ਦਰਖਾਸਤ ਦੇਣ ਨੂੰ ਕਹਿ ਕੇ ਦਫ਼ਤਰ ’ਚੋਂ ਬਾਹਰ ਤੋਰ ਦਿੱਤਾ, ਜਦੋਂ ਉਹ ਏਡੀਸੀ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਸਰਕਾਰੀ ਰੁਝੇਵਿਆਂ ਦੀ ਗੱਲ ਕਰਕੇ ਦੂਜੇ ਅਧਿਕਾਰੀ ਕੋਲ ਜਾਣ ਲਈ ਕਹਿ ਦਿੱਤਾ, ਜਿਸ ਕਾਰਨ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੁੰਭੜਾ ਦੀ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਗਈ ਹੈ ਅਤੇ ਵੋਟਾਂ ਤੋੜਨ ਦੇ ਚੱਕਰ ਵਿੱਚ ਪੁਰਾਣੇ ਵਾਰਡਾਂ ਦਾ ਪੂਰੀ ਤਰ੍ਹਾਂ ਨਕਸ਼ਾ ਬਦਲ ਦਿੱਤਾ ਗਿਆ ਹੈ। ਕੁੰਭੜਾ ਦੀ ਵੋਟਰ ਸੂਚੀ ਵਿੱਚ 50 ਤੋਂ 60 ਅਜਿਹੇ ਵਿਅਕਤੀਆਂ ਦੇ ਨਾਮ ਦਰਜ ਹਨ, ਜੋ 10 ਤੋਂ 15 ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਹਨ, ਜਦੋਂਕਿ ਜਿਉਂਦੇ ਬੰਦਿਆਂ ਦੀ ਵੋਟਾਂ ਨਹੀਂ ਬਣ ਰਹੀਆਂ ਹਨ।
ਪਿੰਡ ਵਾਸੀਆਂ ਨੂੰ ਰੋਸ ਦੇਖਣ ਬਾਅਦ ਉੱਥੋਂ ਲੰਘ ਰਹੇ ਐਸਐਸਪੀ ਸਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਅਤੇ ਏਡੀਸੀ ਰਾਜੀਵ ਗੁਪਤਾ ਨੇ ਵਾਹਨ ਪਾਰਕਿੰਗ ਵਿੱਚ ਖੜੇ ਹੋ ਕੇ ਧਰਨਾਕਾਰੀਆਂ ਦੀ ਗੱਲ ਸੁਣੀ ਅਤੇ ਨਾਇਬ ਤਹਿਸੀਲਦਾਰ ਨੇ ਪੀੜਤਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ। ਅਧਿਕਾਰੀਆਂ ਨੇ ਸ਼ਿਕਾਇਤਕਰਤਾਵਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਪਿੰਡ ਵਾਸੀ ਆਪਣੇ ਘਰਾਂ ਨੂੰ ਚਲੇ ਗਏ।
ਇਸ ਮੌਕੇ ਨੰਬਰਦਾਰ ਓਂਕਾਰ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ, ਲਾਭ ਸਿੰਘ, ਜਗਦੀਸ਼ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਬੰਸ ਸਿੰਘ, ਕੁਲਵਿੰਦਰ ਕੌਰ, ਕਰਮਜੀਤ ਕੌਰ, ਜੁਝਾਰ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।