ਦਰਸ਼ਨ ਸਿੰਘ ਸੋਢੀ
ਮੁਹਾਲੀ, 27 ਮਾਰਚ
ਮੁਹਾਲੀ ਜ਼ਿਲ੍ਹਾ ਪੁਲੀਸ ਨੇ ਐੱਸਐੱਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰੀ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਦੋ ਨੇਪਾਲੀ ਔਰਤਾਂ ਨੂੰ 11 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ‘ਤੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੀ ਐੱਸਪੀ (ਦਿਹਾਤੀ) ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਕਸ਼ਮੀ (41) ਵਾਸੀ ਪਿੰਡ ਹਲਾਨਗਰ (ਨੇਪਾਲ) ਅਤੇ ਲੀਲਾ (42) ਵਾਸੀ ਪਿੰਡ ਡੁੰਮਰ (ਨੇਪਾਲ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਲਕਸ਼ਮੀ ਸ਼ਿਮਲਾ ਦੇ ਪਿੰਡ ਸੁਰੀਲਾ ਵਿੱਚ ਰਹਿੰਦੀ ਹੈ। ਤਲਾਸ਼ੀ ਦੌਰਾਨ ਲਕਸ਼ਮੀ ਤੋਂ 6 ਕਿੱਲੋ ਅਤੇ ਲੀਲਾ ਤੋਂ 5 ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲੀਸ ਨੇ ਸਰਕਾਰੀ ਸਮਾਰਟ ਸਕੂਲ ਲਿੰਕ ਰੋਡ ਲਾਲਤੂ ਨੇੜੇ ਗਸ਼ਤ ਦੌਰਾਨ ਔਰਤਾਂ ਦੀ ਤਲਾਸ਼ੀ ਲਈ ਤਾਂ 11 ਕਿੱਲੋ ਅਫੀਮ ਬਰਾਮਦ ਕੀਤੀ ਗਈ। ਔਰਤਾਂ ਖ਼ਿਲਾਫ਼ ਲਾਲੜੂ ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਔਰਤਾਂ ਨੇ ਦੱਸਿਆ ਕਿ ਉਹ ਭਾਰਤ ਵਿਖੇ ਸਬਜ਼ੀ ਲਗਾਉਣ ਆਈਆਂ ਸਨ ਅਤੇ ਉਨ੍ਹਾਂ ਨੂੰ ਦਿੱਲੀ ਬੱਸ ਸਟੈਂਡ ਵਿਖੇ ਮਹਿਲਾ ਮਿਲੀ ਜਿਸ ਨੇ ਲਾਲਚ ਦਿੱਤਾ ਕਿ ਜੇ ਉਹ ਅਫੀਮ ਵਾਲਾ ਪਾਰਸਲ ਅੱਗੇ ਪਹੁੰਚਾਉਣ ਲਈ ਪੈਸੇ ਦਿੱਤੇ ਜਾਣਗੇ।