ਪੀ.ਪੀ. ਵਰਮਾ
ਪੰਚਕੂਲਾ, 13 ਸਤੰਬਰ
ਪੰਚਕੂਲਾ ਇਲਾਕੇ ਵਿੱਚ ਬਾਂਦਰ ਦੀ ਭਰਮਾਰ ਹੈ ਤੇ ਇਹ ਜੀਵ ਸੜਕਾਂ ਉੱਤੇ ਹੀ ਬੈਠੇ ਰਹਿੰਦੇ ਹਨ। ਲੋਕ ਇਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਦਿੰਦੇ ਹਨ ਜਿਸ ਕਾਰਨ ਇਹ ਬਾਂਦਰ ਰਾਤ ਨੂੰ ਵੀ ਜੰਗਲਾਂ ਵਿੱਚ ਵੀ ਨਹੀਂ ਜਾਂਦੇ ਹਨ। ਜੰਗਲਾਤ ਵਿਭਾਗ ਹਰਿਆਣਾ ਨੇ ਪੰਚਕੂਲਾ ਤੋਂ ਰਾਮਗੜ੍ਹ ਸੜਕ ਉੱਤੇ, ਪੰਚਕੂਲਾ ਤੋਂ ਮੋਰਨੀ ਸੜਕ ਉੱਤੇ, ਪਿੰਜੌਰ ਤੋਂ ਪਿੰਡ ਮੱਲਾ ਰੋਡ ਅਤੇ ਪਿੰਜੌਰ ਦੇ ਨੇੜੇ ਬੀੜ ਸ਼ਿਕਾਰਗਾਹ ਸੜਕ ਉੱਤੇ ਬੋਰਡ ਲਗਾਏ ਗਏ ਹਨ ਜਿਨ੍ਹਾਂ ਉੱਤੇ ਲਿਖਿਆ ਗਿਆ ਹੈ ਕਿ ਬਾਂਦਰਾਂ ਨੂੰ ਖਾਣ-ਪੀਣ ਦੀਆਂ ਵਸਤਾਂ ਨਾ ਦਿੱਤੀਆਂ ਜਾਣ ਤੇ ਇਨ੍ਹਾਂ ਨੂੰ ਕੁਦਰਤੀ ਜੀਵਨ ਵਿੱਚ ਰਹਿਣ ਦਿੱਤਾ ਜਾਵੇ ਤਾਂ ਕਿ ਜੰਗਲ ਦੇ ਇਹ ਪ੍ਰਾਣੀ ਜੜ੍ਹੀ-ਬੂਟੀਆਂ ਅਤੇ ਪੱਤੇ ਖਾਣੇ ਛੱਡ ਨਾ ਦੇਣ। ਇਸ ਦੇ ਬਾਵਜੂਦ ਪੰਚਕੂਲਾ ਵਿੱਚ ਵਾਹਨ ਚਾਲਕ ਇਨ੍ਹਾਂ ਬਾਂਦਰਾਂ ਨੂੰ ਬ੍ਰੈੱਡ, ਕੇਲੇ, ਛੋਲੇ, ਚਿਪਸ, ਬਰਗਰ ਅਤੇ ਕਈ ਤਰ੍ਹਾਂ ਦੀ ਫਾਸਟ ਫੂਡ ਦਿੰਦੇ ਹਨ। ਬਾਂਦਰ ਇਹ ਵਸਤਾਂ ਖਾ ਕੇ ਸੜਕਾਂ ਕਿਨਾਰੇ ਹੀ ਸੋਂ ਜਾਂਦੇ ਹਨ। ਪੰਚਕੂਲਾ ਤੋਂ ਸ਼ਿਮਲਾ ਜਾਣ ਵਾਲੀਆਂ ਬੱਸਾਂ ਅਤੇ ਟਰੱਕਾਂ ਦੇ ਡਰਾਈਵਰ ਅਤੇ ਕੰਡਕਟਰ ਵੀ ਬਾਂਦਰਾਂ ਨੂੰ ਖਾਣ-ਪੀਣ ਦਾ ਸਾਮਾਨ ਦਿੰਦੇ ਰਹਿੰਦੇ ਹਨ। ਬਾਂਦਰਾਂ ਦੇ ਝੁੰਡ ਹੁਣ ਪੰਚਕੂਲਾ ਦੇ ਕਈ ਸੈਕਟਰਾਂ ਵਿੱਚ ਵੀ ਵੇਖੇ ਗਏ ਹਨ। ਨਗਰ ਨਿਗਮ ਪੰਚਕੂਲਾ ਨੇ ਸ਼ਹਿਰੀ ਖੇਤਰ ਵਿੱਚ ਬਾਂਦਰਾਂ ਨੂੰ ਫੜ੍ਹਨ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਇਹ ਬਾਂਦਰ ਕਈ ਵਾਰ ਪੰਚਕੂਲਾ ਤੋਂ ਮੋਰਨੀ ਰੋਡ, ਬੀੜ ਸ਼ਿਕਾਰਗਾਹ ਰੋਡ ’ਤੇ ਇਕੱਲੇ ਜਾਂਦੇ ਰੇਹੜੀਆਂ ਵਾਲਿਆਂ ਨੂੰ ਵੀ ਘੇਰ ਲੈਂਦੇ ਹਨ।