ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਨਵੰਬਰ
ਅੰਬਾਲਾ ਦੇ ਬਿੰਜਲਪੁਰ ਵਿੱਚ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਦੇ ਮਾਸਟਰਮਾਈਂਡ ਅੰਕਿਤ ਉਰਫ਼ ਮੋਗਲੀ ਨੂੰ ਕਾਲਾ ਅੰਬ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਪੁਲੀਸ ਨੇ ਛੇ ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਖ਼ੁਲਾਸਾ ਹੋਇਆ ਹੈ ਕਿ 10 ਜਮਾਤਾਂ ਪਾਸ ਮੋਗਲੀ ਨੇ ਯੂ-ਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ ਸੀ ਅਤੇ ਕੋਵਿਡ ਦੇ ਦਿਨਾਂ ਵਿੱਚ ਉਸ ਨੇ ਹਰਿਆਣਾ, ਪੰਜਾਬ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਨਾਜਾਇਜ਼ ਤੌਰ ’ਤੇ ਸ਼ਰਾਬ ਸਪਲਾਈ ਕੀਤੀ ਸੀ। ਅੰਬਾਲਾ ਪੁਲੀਸ ਤੋਂ ਪਹਿਲਾਂ ਯਮੁਨਾਨਗਰ ਪੁਲੀਸ ਨੇ ਖ਼ੁਲਾਸਾ ਕੀਤਾ ਹੈ ਕਿ ਨਾਜਾਇਜ਼ ਸ਼ਰਾਬ ਦਾ ਇਹ ਨੈੱਟਵਰਕ ਕੁਰੂਕਸ਼ੇਤਰ ਜੇਲ੍ਹ ਵਿਚੋਂ ਥੰਬੜ (ਬਰਾੜਾ) ਦਾ ਵਸਨੀਕ ਗੈਂਗਸਟਰ ਮੋਨੂੰ ਰਾਣਾ ਚਲਾ ਰਿਹਾ ਸੀ। ਫੂਸਗੜ੍ਹ ਦੇ ਜਿਸ ਠੇਕੇ ’ਤੇ ਅੰਬਾਲਾ ਦੀ ਨਾਜਾਇਜ਼ ਫੈਕਟਰੀ ਵਿੱਚੋਂ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਹੋਈ ਸੀ ਅਤੇ ਅੱਗੇ ਪਰਚੂਨ ਵਿੱਚ ਵੇਚੀ ਗਈ ਸੀ, ਉਸ ਠੇਕੇ ਵਿੱਚ ਗੈਂਗਸਟਰ ਮੋਨੂੰ ਰਾਣਾ ਦੀ ਹਿੱਸੇਦਾਰੀ ਹੈ।
ਅੰਬਾਲਾ ਦੇ ਐੱਸ.ਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮਾਸਟਰ ਮਾਈਂਡ ਮੋਨੂੰ ਰਾਣਾ ’ਤੇ ਪਹਿਲਾਂ ਵੀ ਬਰਾੜਾ, ਮੁਲਾਣਾ ਅਤੇ ਯਮੁਨਾਨਗਰ ਥਾਣਿਆਂ ਵਿੱਚ ਪੰਜ-ਛੇ ਕੇਸ ਦਰਜ ਹਨ। ਹੁਣ ਯਮੁਨਾਨਗਰ ਪੁਲੀਸ ਮਾਸਟਰ ਮਾਈਂਡ ਮੋਗਲੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿਛ ਕਰੇਗੀ।