ਆਤਿਸ਼ ਗੁਪਤਾ
ਚੰਡੀਗੜ੍ਹ, 12 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁਲ ਦੀ ਹਵਾ ਕੌਮੀ ਰਾਜਧਾਨੀ ਦਿੱਲੀ ਨਾਲੋਂ ਵੱਧ ਪਲੀਤ ਹੋ ਗਈ ਹੈ। ਹਵਾ ਪ੍ਰਦੂਸ਼ਣ ਵਧਣ ਕਰ ਕੇ ਅੱਜ ਸਾਰਾ ਦਿਨ ਅਸਮਾਨ ਵਿੱਚ ਧੁਆਂਖੀ ਧੁੰਦ ਚੜ੍ਹ ਰਹੀ। ਇਸ ਕਰ ਕੇ ਦਿਨ ਸਮੇਂ ਹੀ ਸ਼ਾਮ ਵਰਗੇ ਹਾਲਾਤ ਬਣੇ ਰਹੇ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਵਧਣ ਕਰ ਕੇ ਸ਼ਹਿਰ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਵਿੱਚ ਏਕਿਊਆਈ ਦਾ ਪੱਧਰ ਔਸਤਨ 312 ਦਰਜ ਕੀਤਾ ਗਿਆ ਹੈ ਜਦੋਂਕਿ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ 349 ਦਰਜ ਕੀਤਾ ਹੈ। ਅੱਜ ਸ਼ਹਿਰ ਦੇ ਸੈਕਟਰ-22 ਵਿੱਚ ਏਕਿਊਆਈ ਦਾ ਪੱਧਰ 359 ਅਤੇ ਸੈਕਟਰ-25 ਵਿੱਚ 326 ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਵਾ ਪ੍ਰਦੂਸ਼ਣ ਵਧਣ ਕਰ ਕੇ ਹਸਪਤਾਲਾਂ ਵਿੱਚ ਵੀ ਦਮੇ ਦੇ ਮਰੀਜ਼ਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਵਧ ਗਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਡਾਕਟਰ 24 ਘੰਟੇ ਡਿਊਟੀ ਦੇ ਰਹੇ ਹਨ। ਦੂਜੇ ਪਾਸੇ, ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਵਧਣ ਕਰ ਕੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ, ਯੂਟੀ ਪ੍ਰਸ਼ਾਸਨ ਤੇ ਨਗਰ ਨਿਗਮ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਕਿਨਾਰੇ ਪਾਣੀ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਵਿੱਚ ਦਰੱਖਤਾਂ ’ਤੇ ਵੀ ਪਾਣੀ ਦੀਆਂ ਬੌਛਾੜਾਂ ਨਾਲ ਧੂੜ-ਮਿੱਟੀ ਦੀ ਸਫ਼ਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਯੂਟੀ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰੀ ਵਿਅਕਤੀਆਂ ਨੂੰ ਮੂੰਹ ਢੱਕ ਕੇ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।
ਮੁਹਾਲੀ ਵਿੱਚ ਏਕਿਊਆਈ 360 ’ਤੇ ਪਹੁੰਚਿਆ
ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਮੁਹਾਲੀ ਵਿੱਚ ਵੀ ਅੱਜ ਹਵਾ ਪ੍ਰਦੂਸ਼ਣ ਸਿਖ਼ਰ ’ਤੇ ਪਹੁੰਚ ਗਿਆ ਹੈ। ਜਿੱਥੇ ਏਕਿਊਆਈ ਦਾ ਪੱਧਰ 360 ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਦਿਨ ਵਿੱਚ ਘੱਟ ਸੀ ਪਰ ਰਾਤ ਹੁੰਦੇ ਹੋਏ ਲਗਾਤਾਰ ਵਧਦਾ ਗਿਆ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਏਕਿਊਆਈ ਦਾ ਪੱਧਰ 267 ਦਰਜ ਕੀਤਾ ਗਿਆ ਹੈ।